ਪੱਤਰ ਪ੍ਰੇਰਕ
ਬਨੂੜ, 5 ਸਤੰਬਰ
ਮੁਹਾਲੀ, ਰੂਪਨਗਰ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕਰੋਨਾ ਪੀੜਤਾਂ ਦੇ ਇਲਾਜ ਲਈ ਨੋਡਲ ਕੇਂਦਰ ਵਜੋਂ ਅਪਣਾਏ ਗਏ ਗਿਆਨ ਸਾਗਰ ਹਸਪਤਾਲ ਦੇ ਆਈਸੀਯੂ ਯੂਨਿਟ ਵਿੱਚ ਮਰੀਜ਼ਾਂ ਨੂੰ ਬਿਸਤਰਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਦੇ ਆਈਸੀਯੂ ਵਿੱਚ ਦਸ ਵੈਂਟੀਲੇਟਰ ਅਤੇ ਬੈੱਡ ਹਨ, ਜਦਕਿ ਗੰਭੀਰ ਰੋਗੀਆਂ ਦੀ ਗਿਣਤੀ ਵੱਧਦੀ ਰਹਿੰਦੀ ਹੈ। ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਸਿਹਤ ਵਿਭਾਗ ਕੋਲੋਂ ਆਈਸੀਯੂ ਵਿੱਚ ਦਸ ਹੋਰ ਬਿਸਤਰੇ ਵਧਾਉਣ ਦੀ ਤਜਵੀਜ਼ ਭੇਜੀ ਗਈ ਹੈ ਤੇ ਇਸ ਲਈ ਹਸਪਤਾਲ ਕੋਲ ਲੋੜੀਂਦੇ ਵੈਂਟੀਲੇਟਰ ਵੀ ਮੌਜੂਦ ਹਨ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਸਪੀਐੱਸ ਗੁਰਾਇਆ ਨੇ ਆਈਸੀਯੂ ਵਿੱਚ ਬਿਸਤਰਿਆਂ ਦੀ ਸਮਰੱਥਾ ਦੁੱਗਣੀ ਕਰਨ ਦੀ ਲੋੜ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਹਨ।