ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 23 ਜੁਲਾਈ
ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਸਥਿਤ ਟਰਾਈਡੈਂਟ ਫੈਕਟਰੀ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ‘ਪਾਣੀ ਅਤੇ ਜ਼ਮੀਨਾਂ ਬਚਾਓ’ ਮੁਹਿੰਮ ਤਹਿਤ ਲਾਏ ਪੰਜ ਰੋਜ਼ਾ ਮੋਰਚੇ ਦੇ ਅੱਜ ਤੀਜੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਅਤੇ ਕਿਰਤੀ ਲੋਕਾਂ ਨੇ ਹਾਜ਼ਰੀ ਭਰੀ। ਅੱਜ ਮੋਰਚੇ ਵਿੱਚ ਸੂਬਾਈ ਆਗੂਆਂ ਨੇ ਸ਼ਿਰਕਤ ਕੀਤੀ ਤੇ ਸਟੇਜ ਸੰਚਾਲਨ ਦਾ ਕੰਮ ਔਰਤਾਂ ਨੇ ਸੰਭਾਲਿਆ। ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਟਰਾਈਡੈਂਟ ਕੰਪਨੀ ਦੀ ਇਹ ਫੈਕਟਰੀ ਰੋਜ਼ਾਨਾ 2.27 ਕਰੋੜ ਲਿਟਰ ਨਹਿਰੀ ਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਦੀ ਹੈ ਤੇ ਰੋਜ਼ਾਨਾ 2.6 ਕਰੋੜ ਲਿਟਰ ਪ੍ਰਦੂਸ਼ਿਤ ਪਾਣੀ ਬਿਨਾਂ ਸਾਫ ਕੀਤੇ ਡਰੇਨਾਂ ਤੇ ਧਰਤੀ ਹੇਠਾਂ ਸੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਲਾਰਸਨ ਐਂਡ ਟੂਬਰੋ ਕੰਪਨੀ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਦੌਧਰ ਵਿਚ ਪ੍ਰਾਜੈਕਟ ਲਾਉਣਾ ਸ਼ੁਰੂ ਕੀਤਾ ਹੋਇਆ ਹੈ, ਜੋ ਰੋਜ਼ਾਨਾ 11.49 ਕਰੋੜ ਲਿਟਰ ਨਹਿਰੀ ਪਾਣੀ ਬਿਨਾਂ ਕੋਈ ਪੈਸੇ ਦਿੱਤੇ ਵਰਤੇਗੀ ਅਤੇ ਅੱਗੇ ਇਸ ਨੂੰ ਮਾਮੂਲੀ ਸਾਫ਼ ਕਰਕੇ ਲੋਕਾਂ ਨੂੰ ਮੁੱਲ ਵੇਚੇਗੀ। ਇਸੇ ਤਰ੍ਹਾਂ ਲੁਧਿਆਣਾ ਅਤੇ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਦੇਣ ਤੋਂ ਸਰਕਾਰ ਨੇ ਆਪਣਾ ਹੱਥ ਪਿੱਛੇ ਖਿੱਚ ਕੇ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਪੂਰੇ ਪੰਜਾਬ ਵਿੱਚ ਜਲ ਘਰਾਂ ਦਾ ਖ਼ਾਤਮਾ ਕਰ ਕੇ ਪੀਣ ਵਾਲੇ ਪਾਣੀ ਦਾ ਕੰਮ ਕੰਪਨੀਆਂ ਹਵਾਲੇ ਕਰ ਦਿੱਤਾ ਜਾਵੇਗਾ ਤੇ ਪੀਣ ਵਾਲੇ ਪਾਣੀ ’ਤੇ ਕੰਪਨੀਆਂ ਵੱਲੋਂ ਕਬਜ਼ੇ ਦੀ ਤਿਆਰੀ ਹੈ।
ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਪੂਰੀ ਸਾਜ਼ਿਸ਼ ਤਹਿਤ ਧਰਤੀ ਹੇਠਲੇ ਅਤੇ ਨਹਿਰੀ, ਦਰਿਆਈ ਪਾਣੀਆਂ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਲੋਕ ਮੁੱਲ ਦਾ ਪਾਣੀ ਪੀਣ ਲਈ ਮਜਬੂਰ ਹੋਣ। ਔਰਤ ਆਗੂ ਪਰਮਜੀਤ ਕੌਰ ਪਿੱਥੋ ਨੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੱਲ ਰਹੇ ‘ਪਾਣੀ ਬਚਾਓ ਅੰਦੋਲਨ’ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਜੋ ਪਾਣੀਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ’ਚ ਦੇਣ ਤੋਂ ਰੋਕਿਆ ਜਾ ਸਕੇ। ਮੋਰਚੇ ਵਿੱਚ ਔਰਤ ਆਗੂ ਕਰਮਜੀਤ ਕੌਰ ਲਹਿਰਾ ਖਾਨਾ, ਬਲਵਿੰਦਰ ਕੌਰ ਬੱਛੋਆਣਾ ਅਤੇ ਮਨਜੀਤ ਕੌਰ ਕਾਹਨੇ ਕੇ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੀਰਥ ਸਿੰਘ ਚੜਿੱਕ ਦੀ ਨਿਰਦੇਸ਼ਨਾ ਹੇਠ ਸ਼ਹੀਦ ਭਗਤ ਸਿੰਘ ਚੇਤਨਾ ਮੰਚ ਵੱਲੋਂ ਨੁੱਕੜ ਨਾਟਕ ‘ਸੁਲਗਦੀ ਧਰਤੀ’ ਖੇਡਿਆ ਗਿਆ।
ਅਜੀਤਵਾਲ (ਪੱਤਰ ਪ੍ਰੇਰਕ): ਸੰਸਾਰ ਬੈਂਕ ਅਤੇ ਭਾਰਤੀ ਹਾਕਮਾਂ ਦੁਆਰਾ ਪਾਣੀ ਤੇ ਖੇਤੀ ਉੱਪਰ ਬੋਲੇ ਧਾਵੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਗਾਏ ਧਰਨੇ ਦੇ ਤੀਜੇ ਦਿਨ ਅੱਜ ਲਾਰਸਨ ਐਂਡ ਟੁੂਰਬੋ ਜਲ ਪ੍ਰਾਜੈਕਟ ਦੌਧਰ ’ਚ ਜ਼ਿਲ੍ਹਾ ਮੋਗਾ ਤੇ ਜ਼ਿਲ੍ਹਾ ਬਰਨਾਲਾ ’ਚੋਂ ਆਏ ਔਰਤਾਂ ਦੇ ਕਾਫ਼ਲਿਆਂ ਨੇ ਮੋਰਚਾ ਮੱਲਿਆ। ਇਸ ਦੌਰਾਨ ਔਰਤਾਂ ਨੇ ਪਾਣੀਆਂ ’ਤੇ ਕਾਬਜ਼ ਹੋ ਰਹੇ ਦੇਸੀ-ਵਿਦੇਸ਼ੀ ਕਾਰਪੋਰੇਟਾਂ ਖ਼ਿਲਾਫ਼ ਨਾਅਰੇ ਬੁਲੰਦ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਬਚਿੱਤਰ ਕੌਰ ਤਲਵੰਡੀ ਮੱਲੀਆਂ ਨੇ ਨਿਭਾਈ।