ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਫਰਵਰੀ
‘ਆਪ’ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਬਜ਼ੁਰਗ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਵਿੱਚੋਂ ਸਿਆਸੀ ਪਾਰੀ ਸਮਾਪਤ ਹੋ ਚੁੱਕੀ ਹੈ। ਸਾਢੇ ਚਾਰ ਸਾਲ ਲੋਕ ਮੁੱਦਿਆਂ ਨੂੰ ਵਿਸਾਰ ਕੇ ਬੈਠੇ ਰਹੇ ਅਮਰਿੰਦਰ ਸਿੰਘ ਤੇ ਕਾਂਗਰਸ ਨੂੰ ਲੋਕ ਹੁਣ ਮੂੰਹ ਨਹੀਂ ਲਾਉਣਗੇ। ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ‘ਆਪ’ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਉਨ੍ਹਾਂ ਕਿਹਾ ਪਹਿਲਾਂ ਦਸ ਸਾਲ ਅਕਾਲੀ ਦਲ ਨੇ ਤੇ ਹੁਣ ਸਾਢੇ ਚਾਰ ਅਮਰਿੰਦਰ ਨੇ ਪੰਜਾਬ ਨੂੰ ਲੁੱਟਿਆ। ਮਾਨ ਨੇ ਕਿਹਾ ਕਿ ਪਟਿਆਲਵੀਆਂ ਨੇ ਹੁਣ ਫ਼ੈਸਲਾ ਕਰ ਲਿਆ ਹੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਪੱਕੇ ਤੌਰ ’ਤੇ ਸਿਸਵਾਂ ਫਾਰਮ ’ਚ ਬਿਠਾ ਦੇਣਾ ਹੈ। ਇਸ ਮੌਕੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਸੀਨੀਅਰ ਆਗੂ ਕੁੰਦਨ ਗੋਗੀਆ, ਸੀਨੀਅਰ ਕੌਂਸਲਰ ਕਿਸ਼ਨ ਚੰਦ ਬੁੱਧੂ, ਵਪਾਰੀ ਆਗੂ ਰਾਕੇਸ਼ ਗੁਪਤਾ ਅਤੇ ਸੀਨੀਅਰ ਆਗੂ ਕੇਕੇ ਸਹਿਗਲ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।
ਪੁਲੀਸ ਨੇ ਭਗਵੰਤ ਮਾਨ ਨੂੰ ਰੋਡ ਸ਼ੋਅ ਕਰਨ ਤੋਂ ਰੋਕਿਆ
ਅੱਜ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਦੇ ਪੱਖ ਵਿੱਚ ਕੀਤਾ ਜਾਣ ਵਾਲਾ ਰੋਡ ਸ਼ੋਅ ਅਨਾਰਦਾਣਾ ਚੌਕ ’ਚ ਹੀ ਰੋਕ ਦਿੱਤਾ ਗਿਆ। ਇਕ ਡੀਐੱਸਪੀ ਦੀ ਅਗਵਾਈ ਵਿੱਚ ਆਈ ਭਾਰੀ ਪੁਲੀਸ ਫੋਰਸ ਨੇ ਸ੍ਰੀ ਮਾਨ ਨੂੰ ਧਰਮਪੁਰਾ ਬਾਜ਼ਾਰ ਵਿਚ ਨਹੀਂ ਜਾਣ ਦਿੱਤਾ। ਉਹ ਇੱਥੋਂ ਹੀ ਸਨੌਰ ਹਲਕੇ ਵੱਲ ਰਵਾਨਾ ਹੋ ਗਏ। ਇਸ ਤੇ ‘ਆਪ’ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਸਖ਼ਤ ਪ੍ਰਤੀਕਰਮ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੇ ਨਿਸ਼ਾਨਾ ਸੇਧਿਆ ਹੈ। ਸ੍ਰੀ ਕੋਹਲੀ ਨੇ ਕਿਹਾ ਹੈ ਕਿ ਧਾਰਾ 144 ਦਾ ਬਹਾਨਾ ਲਗਾ ਕੇ ਅਮਰਿੰਦਰ ਦੇ ਪੁਰਾਣੇ ਮਦਦਗਾਰ ਇਕ ਡੀਐਸਪੀ ਦੀ ਅਗਵਾਈ ਵਿਚ ਭਗਵੰਤ ਮਾਨ ਨੂੰ ਰੋਡ ਸ਼ੋਅ ਕਰਨ ਤੋਂ ਰੋਕਿਆ ਗਿਆ।