ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ 28 ਸਤੰਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਫੇਰੀ ਨੇ ਸਿਆਸੀ ਮਾਹੌਲ ਭਖਾ ਦਿੱਤਾ ਹੈ। ਕੈਪਟਨ ਦੀ ਇਸ ਫੇਰੀ ਤੋਂ ਰਾਜਸੀ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ। ਅਮਰਿੰਦਰ ਸਿੰਘ ਅੱਜ ਜਦੋਂ ਦਿੱਲੀ ਨੂੰ ਰਵਾਨਾ ਹੋਣ ਲੱਗੇ ਤਾਂ ਉਦੋਂ ਹੀ ਨਵਜੋਤ ਸਿੱਧੂ ਦੇ ਅਸਤੀਫੇ ਦੀ ਖ਼ਬਰ ਆ ਗਈ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਅਮਰਿੰਦਰ ਸਿੰਘ ਵੱਲੋਂ ਦਿੱਲੀ ਦਾ ਇਹ ਪਲੇਠਾ ਦੌਰਾ ਹੈ। ਉਨ੍ਹਾਂ ਦੀ ਦਿੱਲੀ ਵਿਚ ਮੌਜੂਦਗੀ ਨੂੰ ਲੈ ਕੇ ਭਾਜਪਾ ਆਗੂ ਵੀ ਹਰਕਤ ਵਿਚ ਹਨ।
ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇਣ ਮਗਰੋਂ ਆਖ ਚੁੱਕੇ ਹਨ ਕਿ ਨਵਜੋਤ ਸਿੱਧੂ ਦੇਸ਼ ਲਈ ਖ਼ਤਰਾ ਬਣ ਸਕਦੇ ਹਨ ਅਤੇ ਉਹ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਗੇ। ਇਹੀ ਨਹੀਂ ਸਾਬਕਾ ਮੁੱਖ ਮੰਤਰੀ ਨੇ ਆਪਣੇ ਸਿਆਸੀ ਬਦਲ ਖੁੱਲ੍ਹੇ ਰੱਖਣ ਦੀ ਗੱਲ ਵੀ ਆਖੀ ਸੀ। ਕੈਪਟਨ ਦੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਦੇ ਵੀ ਚਰਚੇ ਹਨ, ਹਾਲਾਂਕਿ ਅਮਰਿੰਦਰ ਕੈਂਪ ਨੇ ਇਨ੍ਹਾਂ ਚਰਚਾਵਾਂ ਨੂੰ ਰੱਦ ਕੀਤਾ ਹੈ। ਸਾਬਕਾ ਮੁੱਖ ਮੰਤਰੀ ਨੇ ਜਦੋਂ ਤੋਂ ਨਵਜੋਤ ਸਿੱਧੂ ਦੀ ਦੇਸ਼ ਭਗਤੀ ’ਤੇ ਸੁਆਲ ਚੁੱਕਦੇ ਹੋਏ ਪਾਕਿਸਤਾਨ ਨਾਲ ਨੇੜਤਾ ਦੀ ਗੱਲ ਰੱਖੀ ਹੈ, ਉਸ ਮਗਰੋਂ ਭਾਜਪਾ ਆਗੂਆਂ ਨੇ ਅਮਰਿੰਦਰ ਸਿੰਘ ਪ੍ਰਤੀ ਮੋਹ ਦਾ ਪ੍ਰਗਟਾਵਾ ਕਰਨਾ ਸ਼ੁਰੂ ਕੀਤਾ ਹੈ। ਉਦੋਂ ਤੋਂ ਹੀ ਸਿਆਸੀ ਹਲਕੇ ਇਸ ਸਭ ਕੁਝ ਨੂੰ ‘ਦਾਲ ’ਚ ਕਾਲਾ’ ਦੱਸ ਰਹੇ ਹਨ। ਸਿਆਸੀ ਹਲਕੇ ਦਿੱਲੀ ਫੇਰੀ ਨੂੰ ਨਵੇਂ ਉਭਰਨ ਵਾਲੇ ਸੰਭਾਵੀ ਸਿਆਸੀ ਤਾਲਮੇਲ ਨਾਲ ਜੋੜ ਕੇ ਦੇਖ ਰਹੇ ਹਨ। ਇਹ ਵੀ ਚਰਚਾ ਹੈ ਕਿ ਅਮਰਿੰਦਰ ਕਾਂਗਰਸ ਦੇ ਜੀ-23 ਗਰੁੱਪ ਦੇ ਆਗੂਆਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
‘ਕੋਈ ਰਾਜਸੀ ਪ੍ਰੋਗਰਾਮ ਨਹੀਂ, ਆਪਣਾ ਸਾਮਾਨ ਇਕੱਠਾ ਕਰਨ ਲਈ ਆਇਆਂ’
ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਫੇਰੀ ਬਾਰੇ ਲੱਗ ਰਹੇ ਕਿਆਸਾਂ ਮਗਰੋਂ ਅੱਜ ਕਿਹਾ ਕਿ ਉਨ੍ਹਾਂ ਦਾ ਦਿੱਲੀ ’ਚ ਕੋਈ ਰਾਜਸੀ ਪ੍ਰੋਗਰਾਮ ਨਹੀਂ ਹੈ ਤੇ ਉਹ ਤਾਂ ਕਪੂਰਥਲਾ ਹਾਊਸ ’ਚੋਂ ਆਪਣਾ ਸਾਮਾਨ ਇਕੱਠਾ ਕਰਨ ਲਈ ਆਏ ਹਨ। ਉਧਰ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਟਵੀਟ ਕਰਕੇ ਸਪਸ਼ਟੀਕਰਨ ਦਿੱਤਾ ਹੈ। ਠੁਕਰਾਲ ਨੇ ਟਵੀਟ ਕੀਤਾ ਕਿ ਅਮਰਿੰਦਰ ਸਿੰਘ ਦਾ ਦਿੱਲੀ ਦੌਰਾ ਨਿਰੋਲ ਨਿੱਜੀ ਦੌਰਾ ਹੈ ਤੇ ਉਹ ਦਿੱਲੀ ’ਚ ਆਪਣੇ ਦੋਸਤਾਂ ਨੂੰ ਮਿਲਣਗੇ। ਉਹ ਕਪੂਰਥਲਾ ਹਾਊਸ ’ਚੋਂ ਆਪਣਾ ਨਿਵਾਸ ਖਾਲੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਫੇਰੀ ਨੂੰ ਲੈ ਕੇ ਕੋਈ ਸਿਆਸੀ ਤੁੱਕੇ ਲਾਉਣ ਦੀ ਲੋੜ ਨਹੀਂ ਹੈ।