ਪੱਤਰ ਪ੍ਰੇਰਕ
ਘਨੌਲੀ, 5 ਮਾਰਚ
ਗੁਰੂ ਗੋਬਿੰਦ ਸਿੰਘ ਸੁਪਰ ਪਾਵਰ ਥਰਮਲ ਪਲਾਂਟ ਘਨੌਲੀ ਰੋਪੜ ਵੀ ਹੁਣ ਤੋੜ ਕੇ ਬਠਿੰਡਾ ਥਰਮਲ ਵਾਲੇ ਰਾਹ ’ਤੇ ਸਰਕਾਰ ਵੱਲੋਂ ਤੋਰ ਦਿੱਤਾ ਗਿਆ ਹੈ। ਇਸ ਥਰਮਲ ਦੇ 6 ਯੂਨਿਟਾਂ ਵਿਚੋਂ ਦੋ ਨੂੰ ਰਿਟਾਇਰ ਐਲਾਨ ਕੇ ਡਿਸਮੈਂਟਲ ਕਰਨ ਲਈ ਬੋਲੀ ਦੀ ਕਾਰਵਾਈ ਪੀਐੱਸਪੀਸੀਐੱਲ ਵੱਲੋਂ ਆਰੰਭ ਦਿੱਤੀ ਗਈ ਹੈ। ਇਹ ਖੁਲਾਸਾ ਅੱਜ ਆਪਣੀ ਟੀਮ ਸਮੇਤ ਥਰਮਲ ਪਲਾਂਟ ਰੂਪਨਗਰ ਦੇ ਗੇਟ ’ਤੇ ਪਹੁੰਚੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਿਨੇਸ਼ ਚੱਢਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਸਰਕਾਰੀ ਥਰਮਲਾਂ ਨੂੰ ਖਤਮ ਕਰਕੇ ਪ੍ਰਾਈਵੇਟ ਥਰਮਲਾਂ ਨਾਲ ਸਮਝੌਤੇ ਕੀਤੇ ਤੇ ਹੁਣ ਮੌਜੂਦਾ ਕੈਪਟਨ ਸਰਕਾਰ ਵੀ ਉਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ ਦੀ ਥਾਂ ਸਰਕਾਰੀ ਥਰਮਲ ਪਲਾਂਟਾਂ ਦਾ ਉਜਾੜਾ ਕਰਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਦੇ ਖੇਤਰ ’ਚ ਮਜਬੂਤ ਕਰਨ ਦੇ ਰਾਹ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਸਤੇ ਭਾਅ ਬਿਜਲੀ ਤਿਆਰ ਕਰਨ ਵਾਲੇ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟਾਂ ਨੂੰ ਨੋ ਡਿਮਾਂਡ ਦੇ ਬਹਾਨੇ ਬੰਦ ਰੱਖਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਮਹਿੰਗੇ ਭਾਅ ਬਿਜਲੀ ਖਰੀਦੀ ਜਾ ਰਹੀ ਹੈ। ਸ੍ਰੀ ਚੱਢਾ ਨੇ ਬਿਜਲੀ ਮਾਹਿਰਾਂ ਦੇ ਹਵਾਲੇ ਨਾਲ ਦੱਸਿਆ ਕਿ ਕਿਸੇ ਵੀ ਥਰਮਲ ਪਲਾਂਟ ਦੇ ਯੂਨਿਟਾਂ ਨੂੰ ਉਦੋਂ ਤੱਕ ਰਿਟਾਇਰ ਨਹੀਂ ਐਲਾਨਿਆ ਜਾਣਾ ਚਾਹੀਦਾ, ਜਦੋਂ ਤੱਕ ਉਹ 3 ਲੱਖ ਘੰਟੇ ਨਾ ਚੱਲ ਲੈਣ, ਪਰ ਥਰਮਲ ਪਲਾਂਟ ਰੂਪਨਗਰ ਦੇ ਰਿਟਾਇਰ ਕੀਤੇ ਜਾ ਰਹੇ ਯੂਨਿਟ ਤਾਂ ਹਾਲੇ 2 ਲੱਖ ਘੰਟੇ ਵੀ ਨਹੀਂ ਚੱਲੇ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਸਰਕਾਰਾਂ ਨੇ ਵੀ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਅੱਗੇ ਲਿਆ ਕੇ ਸਰਕਾਰੀ ਥਰਮਲ ਪਲਾਂਟਾਂ ਨੂੰ ਖਤਮ ਕੀਤਾ ਹੈ।