ਮਨੋਜ ਸ਼ਰਮਾ/ਰਾਜਿੰਦਰ ਸਿੰਘ ਮਰਾਹੜ
ਬਠਿੰਡਾ/ਭਗਤਾ ਭਾਈ, 22 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੋਨਿਆਣਾ ਮੰਡੀ, ਗੋਨਿਆਣਾ ਕਲਾਂ, ਭਗਤਾ ਭਾਈ, ਮਲੂਕਾ, ਕੋਠਾ ਗੁਰੂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਮੰਡੀਆਂ ਵਿੱਚ ਢਿੱਲੇ ਖ਼ਰੀਦ ਪ੍ਰਬੰਧਾਂ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਪੰਜਾਬ ਸਰਕਾਰ ਕਣਕ ਲਈ ਲੋੜੀਂਦੇ ਖਰੀਦ ਪ੍ਰਬੰਧ ਕਰਨ ਵਿੱਚ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਬੋਰੀਆਂ ਦੇ ਢੇਰ ਲੱਗੇ ਹੋਏ ਹਨ ਤੇ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ ਹਨ। ਮੰਡੀਆਂ ਵਿੱਚ ਬੈਠੇ ਕਿਸਾਨਾਂ ਨੇ ਦੱਸਿਆ ਕਿ ਉਹ ਕਰੀਬ ਦਸ ਦਿਨਾਂ ਤੋਂ ਬੋਲੀ ਦੀ ਉਡੀਕ ਕਰ ਰਹੇ ਹਨ ਪਰ ਬਾਰਦਾਨੇ ਦੀ ਕਮੀ ਕਾਰਨ ਅਨਾਜ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਸ੍ਰੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਮੰਡੀਆਂ ਦੇ ਦੌਰੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਮੀਂਹ ਕਾਰਨ ਕਣਕ ਖਰਾਬ ਹੋਣ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਦੀ ਜਿਣਸ ਸ਼ਾਮ ਤਕ ਚੁੱਕੀ ਜਾਵੇ ਨਹੀਂ ਤਾਂ ਅਕਾਲੀ ਦਲ ਸੰਘਰਸ਼ ਤੇਜ਼ ਕਰੇਗਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੋਗਾ ਅਨਾਜ ਮੰਡੀ ਦਾ ਦੌਰਾ ਕਰਦਿਆਂ ਕੈਪਟਨ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਉਹ ਅਗਲੇ 2 ਦਿਨਾਂ ਅੰਦਰ ਕਣਕ ਦੀ ਖਰੀਦ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਕਰੇ ਜਾਂ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਵੇ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਮੰਡੀ ਮੁੱਲਾਂਪੁਰ ਵਿੱਚ ਪੁੱਜੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੋ ਸਾਲਾਂ ਤੋਂ ਕੈਪਟਨ ਸਾਹਿਬ ਆਪਣੇ ਫਾਰਮ ਹਾਊਸ ਵਿੱਚ ਲੁਕੇ ਹੋਏ ਹਨ ਅਤੇ ਲੋਕ ਮੁੱਖ ਮੰਤਰੀ ਦੇ ਦਰਸ਼ਨਾਂ ਨੂੰ ਤਰਸ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਾਰਦਾਨੇ ਦੀ ਵੰਡ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਕਥਿਤ ਤੌਰ ’ਤੇ ਸਿਰਫ਼ ਕਾਂਗਰਸੀ ਆੜ੍ਹਤੀਆਂ ਨੂੰ ਬਾਰਦਾਨਾ ਦਿੱਤਾ ਜਾ ਰਿਹਾ ਹੈ।
ਨੌਜਵਾਨਾਂ ਨੇ ਸੁਖਬੀਰ ਨੂੰ ਕਾਲੀਆਂ ਝੰਡੀਆਂ ਦਿਖਾਈਆਂ
ਜਗਰਾਉਂ/ਲੁਧਿਆਣਾ (ਜਸਬੀਰ ਸਿੰਘ ਸ਼ੇਤਰਾ/ਗਗਨਦੀਪ ਅਰੋੜਾ): ਲੁਧਿਆਣਾ ਨੇੜੇ ਮੁੱਲਾਂਪੁਰ ਦੀ ਮੰਡੀ ਦਾ ਦੌਰਾ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਚੌਕੀਮਾਨ ਟੌਲ ਪਾਲਜ਼ੇ ’ਤੇ ਅੱਜ ਬਾਅਦ ਦੁਪਹਿਰ ਨੌਜਵਾਨਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ। ਟੌਲ ਪਲਾਜ਼ੇ ’ਤੇ 200 ਤੋਂ ਵਧੇਰੇ ਦਿਨਾਂ ਤੋਂ ਚੱਲ ਰਹੇ ਮੋਰਚੇ ’ਤੇ ਬੈਠੇ ਕਿਸਾਨ ਇਸ ਵਿਰੋਧ ਤੋਂ ਦੂਰ ਰਹੇ। ਚਾਰ ਵਜੇ ਦੇ ਕਰੀਬ ਜਿਵੇਂ ਹੀ ਸਾਬਕਾ ਉਪ ਮੁੱਖ ਮੰਤਰੀ ਦੀਆਂ ਗੱਡੀਆਂ ਦਾ ਕਾਫਲਾ ਟੌਲ ਪਲਾਜ਼ੇ ਤੋਂ ਲੰਘਣ ਲੱਗਾ ਤਾਂ ਪਹਿਲਾਂ ਤੋਂ ਹੀ ਸੂਚਨਾ ਹੋਣ ਕਰਕੇ ਹੱਥਾਂ ’ਚ ਕਾਲੀਆਂ ਝੰਡੀਆਂ ਫੜ ਕੇ ਖੜ੍ਹੇ ਨੌਜਵਾਨਾਂ, ਜਿਨ੍ਹਾਂ ’ਚ ਵਧੇਰੇ ਕਾਂਗਰਸੀ ਸਨ, ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੋਗਾ ਵਾਲੇ ਪਾਸਿਓਂ ਆ ਰਿਹਾ ਸੁਖਬੀਰ ਬਾਦਲ ਦੀਆਂ ਗੱਡੀਆਂ ਦਾ ਕਾਫ਼ਲਾ ਬਿਨਾਂ ਰੁਕੇ ਲੁਧਿਆਣਾ ਵਾਲੇ ਪਾਸੇ ਲੰਘ ਗਿਆ। ਹੱਥਾਂ ’ਚ ਕਾਲੀਆਂ ਝੰਡੀਆਂ ਫੜ ਕੇ ਖੜ੍ਹੇ ਕਿਸੇ ਵੀ ਨੌਜਵਾਨ ਨੇ ਕਾਫ਼ਲਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਟੌਲ ਪਲਾਜ਼ੇ ਦੇ ਦੋਵੇਂ ਪਾਸੇ ਖੜ੍ਹੇ ਹੋ ਕੇ ਵਿਰੋਧ ਦਰਜ ਕਰਵਾਇਆ। ਕਾਂਗਰਸੀ ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ ਨੇ ਕਿਹਾ ਕਿ ਖੇਤੀ ਕਾਨੂੰਨ ਪਾਸ ਕਰਨ ਸਮੇਂ ਅਕਾਲੀ ਦਲ ਵੀ ਮੋਦੀ ਹਕੂਮਤ ਦਾ ਹਿੱਸਾ ਸੀ। ਸਰਪੰਚ ਅਮਰਜੋਤ ਸਿੰਘ ਬੱਦੋਵਾਲ ਨੇ ਕਿਹਾ ਕਿ ਬਰਗਾੜੀ ਸਮੇਤ ਸਿੱਖਾਂ ਦੇ ਹਿਰਦੇ ਵਲੂੰਧਰਨ ਵਾਲੀਆਂ ਹੋਰ ਘਟਨਾਵਾਂ ਤੋਂ ਬਾਦਲ ਪਰਿਵਾਰ ਭੱਜ ਨਹੀਂ ਸਕਦਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਵਿਰੋਧ ਭਵਿੱਖ ’ਚ ਵੀ ਜਾਰੀ ਰਹੇਗਾ। ਕਿਸਾਨ ਮੋਰਚੇ ’ਚ ਸ਼ਾਮਲ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਉਨ੍ਹਾਂ ਦਾ ਇਸ ਵਿਰੋਧ ਨਾਲ ਕੋਈ ਸਬੰਧ ਨਹੀਂ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਸਿਰਫ਼ ਭਾਜਪਾ ਆਗੂਆਂ ਦਾ ਵਿਰੋਧ ਕਰਦਾ ਹੈ।