ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 24 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਕਾਲਰਾ ਵਿੱਚ ਅੱਜ ਐੱਸਜੀਪੀਸੀ ਦੇ ਅੱਠਵੇਂ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਸੁਖਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ ਹੈ। ਕਾਂਗਰਸ ਦੀ ਲਾਪ੍ਰਵਾਹੀ ਕਾਰਨ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ। ਸੁਖਬੀਰ ਅਨੁਸਾਰ ਕੈਪਟਨ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣ ਵਿੱਚ ਅਸਫ਼ਲ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਰਕਾਰੀ ਹਸਪਤਾਲਾਂ ’ਚ ਜਾਣ ਤੋਂ ਗੁਰੇਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤਾਂ ਘਰੋਂ ਬਾਹਰ ਹੀ ਨਹੀਂ ਨਿਕਲ ਰਿਹਾ। ਜੇ ਜਰਨੈਲ ਹੀ ਬਾਹਰ ਨਹੀਂ ਨਿਕਲੇਗਾ ਤੇ ਜੰਗ ਕਿਵੇਂ ਜਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਕਾਮੀ ਕਾਰਨ ਹੀ ਪੰਜਾਬ ’ਚ ਬਲੈਕ ਫੰਗਸ ਦੇ ਕੇਸ ਵੱਧ ਰਹੇ ਹਨ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਬਾਬਾ ਭਾਗ ਸਿੰਘ ਦੇ ਸਹਿਯੋਗ ਨਾਲ ਕਾਲਰਾ ਵਿੱਚ ਸਥਾਪਤ ਕੀਤੇ ਗਏ ਕੋਵਿਡ ਸੈਂਟਰ ’ਚ 17 ਬੈੱਡਾਂ ਦੀ ਸਹੂਲਤ ਹੈ। ਇੱਥੇ ਡਾਕਟਰ ਅਤੇ ਸਿਹਤ ਮੁਲਾਜ਼ਮ 24 ਘੰਟੇ ਮੌਜੂਦ ਰਹਿਣਗੇ। ਇਸ ਮੌਕੇ ਪਵਨ ਕੁਮਾਰ ਟੀਨੂੰ, ਸਰਬਜੀਤ ਸਿੰਘ ਮੱਕੜ, ਕੁਲਦੀਪ ਸਿੰਘ ਵਡਾਲਾ ਹਾਜ਼ਰ ਸਨ।
ਕੋਵਿਡ ਸੈਂਟਰਾਂ ਦੇ ਨਾਂ ’ਤੇ ਭੱਲ ਖੱਟਣ ਦੀ ਕੋਸ਼ਿਸ਼ ’ਚ ਸੁਖਬੀਰ: ਸੰਧਵਾਂ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਸੰਗਤ ਦੇ ਪੈਸੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਖੋਲ੍ਹੇ ਜਾ ਰਹੇ ਕੋਵਿਡ ਕੇਅਰ ਸੈਂਟਰਾਂ ਦਾ ਸਿਹਰਾ ਸੁਖਬੀਰ ਸਿੰਘ ਬਾਦਲ ਆਪਣੇ ਸਿਰ ਸਜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ, ਇਸੇ ਕਰਕੇ ਸੁਖਬੀਰ ਸ਼੍ਰੋਮਣੀ ਕਮੇਟੀ ਨੂੰ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਵਰਤ ਰਹੇ ਹਨ।