ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਲਹਿਰਾਗਾਗਾ/ਸੰਗਰੂਰ, 4 ਜਨਵਰੀ
ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਰਾਜਪਾਲ ਦੇ ਆਹਮੋ-ਸਾਹਮਣੇ ਹੋਣ ਸਬੰਧੀ ਕਿਹਾ ਕਿ ਇਹ ਦੋਵੇਂ ਕੇਂਦਰ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ ਅਤੇ ਅੰਦਰੋਂ ਦੋਵੇਂ ਇੱਕ ਹਨ।
ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਜੇ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਮਾਹੌਲ ਖ਼ਰਾਬ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਆਖਿਆ ਕਿ ਪੋਹ ਦੀਆਂ ਠੰਢੀਆਂ ਰਾਤਾਂ ਸੜਕਾਂ ਉੱਤੇ ਗੁਜ਼ਾਰਨ ਲਈ ਕਿਸਾਨਾਂ ਨੂੰ ਮਜਬੂਰ ਕਰਨ ਵਾਲੀ ਮੋਦੀ ਸਰਕਾਰ ਨੂੰ ਇਹ ਭੁਲੇਖਾ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਇਤਿਹਾਸਕ ਘੋਲ ਨੂੰ ਦਬਾਅ ਲਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਅਖ਼ੀਰ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ। ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ’ਚ ਆਪਣੇ ਗ੍ਰਹਿ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਜਪਾ ਦੀ ਸੂਬਾ ਲੀਡਰਸ਼ਿਪ ਪੰਜਾਬ ਵਿੱਚ ਜ਼ਿੰਮੇਵਾਰੀ ਵਾਲੀ ਭੂਮਿਕਾ ਨਹੀਂ ਨਿਭਾ ਰਹੀ, ਸਗੋਂ ਲੋਕਾਂ ਨੂੰ ਭੜਕਾਉਣ ਦੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਵਿੱਚ ਜੋ ਮਾਹੌਲ ਬਣ ਰਿਹਾ ਹੈ, ਉਹ ਭਾਜਪਾ ਲਈ ਘਾਤਕ ਸਿੱਧ ਹੋਵੇਗਾ। ਉਨ੍ਹਾਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਖੇਤੀ ਬਿੱਲਾਂ ’ਤੇ ਦਸਤਖ਼ਤ ਨਾ ਕਰਨ ਦੇ ਬਿਆਨ ਨੂੰ ਗੁਮਰਾਹਕੁਨ ਕਰਾਰ ਦਿੱਤਾ। ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਬਦਲ ਲੱਭ ਰਹੇ ਹਨ, ਜਿਸ ਕਰਕੇ ਸਾਰੀਆਂ ਧਿਰਾਂ ਨੂੰ ਹਾਊਮੈ ਛੱਡ ਕੇ ਇਕੱਠੇ ਹੋਣ ਦੀ ਲੋੜ ਹੈ।