ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 18 ਸਤੰਬਰ
ਹਾਈ ਕਮਾਂਡ ਵੱਲੋਂ ਕਾਹਲੀ ਵਿੱਚ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦਣ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ‘ਬੇਇੱਜ਼ਤੀ’ ਕਰਨਾ ਕਰਾਰ ਦਿੰਦਿਆਂ ਖਾਸੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮੁੱਖ ਮੰਤਰੀ ਨੇ ਆਪਣੀ ਨਾਰਾਜ਼ਗੀ ਬਾਰੇ ਪਾਰਟੀ ਦੇ ਸੀਨੀਅਰ ਨੇਤਾਵਾਂ ਕਮਲਨਾਥ ਅਤੇ ਮਨੀਸ਼ ਤਿਵਾੜੀ ਨੂੰ ਦੱਸ ਦਿੱਤਾ ਹੈ। ਕੈਪਟਨ ਦੇ ਨੇੜਲੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਇਸ ਤਰ੍ਹਾਂ ਦੀ ਬੇਇੱਜ਼ਤੀ ਤੋਂ ਨਾਰਾਜ਼ ਹੈ। ਅੱਧੀ ਰਾਤ ਨੂੰ ਤੁਸੀਂ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦਦੇ ਹੋ,ਜਿਵੇਂ ਇਹ ਕੋਈ ਗੁਪਤ ਅਪਰੇਸ਼ਨ ਹੋ ਰਿਹਾ ਹੋਵੇ। ਸੂਤਰਾਂ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਕਿ ਹਾਈਕਮਾਨ ਨੇ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਿਹਾ ਹੈ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਵਿਧਾਇਕ ਦਲ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੀ ਚੰਡੀਗੜ੍ਹ ਰਿਹਾਇਸ਼ ਵਿੱਚ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਗੁਰਪ੍ਰੀਤ ਕਾਂਗੜ,ਬਲਬੀਰ ਸਿੱਧੂ ਅਤੇ ਪਰਨੀਤ ਕੌਰ ਵੀ ਮੁੱਖ ਮੰਤਰੀ ਨਿਵਾਸ ‘ਤੇ ਹਾਜ਼ਰ ਹਨ।ਇਨ੍ਹਾਂ ਤੋਂ ਇਲਾਵਾ ਬ੍ਰਹਮ ਮਹਿੰਦਰਾ,ਬਲਵੀਰ ਸਿੰਘ ਸਿੱਧੂ,ਸਾਧੂ ਸਿੰਘ ਧਰਮਸੋਤ,ਵਿਜੈਇੰਦਰ ਸਿੰਗਲਾ ਅਤੇ ਰਾਣਾ ਗੁਰਮੀਤ ਸੋਢੀ ਸਮੇਤ 17 ਵਿਧਾਇਕ ਹਾਜ਼ਰ ਹਨ।