ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਮਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ’ਤੇ ਕਰੋਨਾ ਮਹਾਮਾਰੀ ਨਾਲ ਅਸਰਦਾਰ ਤਰੀਕੇ ਨਾ ਸਿੱਝਣ ਦੇ ਲੱਗ ਰਹੇ ਦੋਸ਼ਾਂ ਨੂੰ ਖਾਰਜ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਅਪੀਲ ਕੀਤੀ ਹੈ ਕਿ ਉਹ 28 ਮਈ ਲਈ ਤਜਵੀਜ਼ਤ ਧਰਨੇ ਨੂੰ ਰੱਦ ਕਰ ਦੇਣ। ਕੈਪਟਨ ਨੇ ਕਿਹਾ ਕਿ ਕਿਸਾਨ ਜਥੇਬੰਦੀ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਲਾਇਆ ਜਾਣ ਵਾਲਾ ਧਰਨਾ ਕਰੋਨਾ ਮਹਾਮਾਰੀ ਦੇ ਫੈਲਾਅ ਦਾ ਵੱਡਾ ਕਾਰਨ ਬਣ ਸਕਦਾ ਹੈ। ਚੇਤੇ ਰਹੇ ਕਿ ਬੀਕੇਯੂ ਏਕਤਾ ਉਗਰਾਹਾਂ ਨੇ 28 ਮਈ ਨੂੰ ਮੁੱਖ ਮੰਤਰ ਦੇ ਪਿੱਤਰੀ ਹਲਕੇ ਵਿੱਚ ਧਰਨੇ ਪ੍ਰਦਰਸ਼ਨਾਂ ਦਾ ਪ੍ਰੋਗਰਾਮ ਉਲੀਕਿਆ ਹੈ। ਉਂਜ ਕੈਪਟਨ ਨੇ ਕਰੋਨਾ ਮਹਾਮਾਰੀ ਦੇ ਟਾਕਰੇ ’ਚ ਨਾਕਾਮ ਰਹਿਣ ਦੇ ਲੱਗ ਰਹੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹੋਰਨਾਂ ਸੂਬਿਆਂ ਜਿਵੇਂ ਦਿੱਲੀ ਤੇ ਮਹਾਰਾਸ਼ਟਰ ਦੀ ਨਿਸਬਤ ਕਰੋਨਾ ਨੂੰ ਠੱਲ੍ਹਣ ਵਿੱਚ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਪੀ ਵਿੱਚ ਗੰਗਾ ਨਦੀ ਵਿੱਚ ਤਰਦੀਆਂ ਲਾਸ਼ਾਂ ਨੇ ਯੂਪੀ ਦੀ ਭਾਜਪਾ ਸਰਕਾਰ ਦੇ ਕੁਪ੍ਰਬੰਧਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ। ਇਕ ਬਿਆਨ ਮੁਤਾਬਕ ਕੈਪਟਨ ਨੇ ਕਿਸਾਨ ਨੂੰ ਅਪੀਲ ਕੀਤੀ ਕਿ ਉਹ ‘ਗੈਰਜ਼ਿੰਮੇਵਾਰੀ’ ਨਾਲ ਕੰਮ ਨਾ ਲੈਣ ਤੇ ਆਪਣੀਆਂ ਜ਼ਿੰਦਗੀਆਂ ਨੂੰ ਖ਼ਤਰੇ ’ਚ ਨਾ ਪਾਉਣ। ਉਨ੍ਹਾਂ ਕਿਹਾ ਕਿ ਤਜਵੀਜ਼ਤ ਧਰਨੇ ਪ੍ਰਦਰਸ਼ਨਾਂ ਨਾਲ ਸਰਕਾਰ ਵੱਲੋਂ ਕਰੋਨਾ ਨੂੰ ਮਾਤ ਦੇਣ ਲਈ ਕੀਤੇ ਯਤਨ ਮਿੱਟੀ ਹੋ ਜਾਣਗੇ।