ਜਸਵੰਤ ਜੱਸ
ਫ਼ਰੀਦਕੋਟ, 16 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੋਂ ਦੀ ਅਨਾਜ ਮੰਡੀ ਵਿੱਚ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਜੈਤੋ ਦੇ ਉਮੀਦਵਾਰ ਦਰਸ਼ਨ ਸਿੰਘ ਢਿੱਲਵਾਂ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਅਤੇ ਕਾਂਗਰਸ ਪਾਰਟੀ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਪੰਜਾਬ ਸੁਰੱਖਿਅਤ ਨਹੀਂ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਹਿੱਤਾਂ ਵਿੱਚ ਫੈਸਲੇ ਲੈਣ ਦੀ ਤਾਕਤ ਨਹੀਂ ਰੱਖਦਾ ਅਤੇ ਜੇਕਰ ਆਮ ਆਦਮੀ ਪਾਰਟੀ ਆਈ ਤਾਂ ਅਰਵਿੰਦ ਕੇਜਰੀਵਾਲ ਪੰਜਾਬ ਸਰਕਾਰ ਚਲਾਵੇਗਾ। ਉਨ੍ਹਾਂ ਫਰੀਦਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਦਾ ਸਮਰਥਨ ਕਰਨ। ਉਨ੍ਹਾਂ ਆਖਿਆ ਕਿ ਜਿੱਤਣ ‘ਤੇ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ। ਉਨ੍ਹਾਂ ਜੈਤੋ ਦੇ ਉਮੀਦਵਾਰ ਦਰਸ਼ਨ ਢਿੱਲਵਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਦਰਸ਼ਨ ਸਿੰਘ ਢਿੱਲਵਾਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਆਰਥਿਕ ਤੌਰ ’ਤੇ ਸਭ ਤੋਂ ਗਰੀਬ ਆਦਮੀ ਹੈ ਅਤੇ ਉਸ ਨੂੰ ਜ਼ਰੂਰ ਵੋਟ ਪਾਈ ਜਾਵੇ ਤਾਂ ਜੋ ਦਰਸ਼ਨ ਢਿੱਲਵਾਂ ਜਿੱਤ ਕੇ ਆਪਣੇ ਇਲਾਕੇ ਦਾ ਭਲਾ ਕਰ ਸਕੇ। ਹਾਲਾਂਕਿ ਮੁੱਖ ਮੰਤਰੀ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਅਕਾਲੀ ਦਲ ਬਾਰੇ ਕੋਈ ਵੀ ਟਿੱਪਣੀ ਨਹੀਂ ਕੀਤੀ। ਜਾਣਕਾਰੀ ਅਨੁਸਾਰ ਸ੍ਰੀ ਚੰਨੀ ਨੇ ਹੈਲੀਕਾਪਟਰ ਰਾਹੀਂ ਫਰੀਦਕੋਟ ਆਉਣਾ ਸੀ ਪਰੰਤੂ ਵੀਰਵਾਰ ਨੂੰ ਅਬੋਹਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਕਾਰਨ ਚੋਣ ਕਮਿਸ਼ਨ ਨੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਨੂੰ ਨੋ-ਫਲਾਈ ਜ਼ੋਨ ਐਲਾਨਿਆ ਹੋਇਆ ਹੈ, ਜਿਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈਲੀਕਾਪਟਰ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਹੀਂ ਜਾ ਸਕਿਆ। ਇਸ ਲਈ ਮੁੱਖ ਮੰਤਰੀ ਚੰਨੀ ਸਵੇਰੇ ਸੜਕ ਰਸਤੇ ਹੀ ਫਿਰੋਜ਼ਪੁਰ ਸ਼ਹਿਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨ ਚਲੇ ਗਏ, ਜਿੱਥੋਂ ਉਨ੍ਹਾਂ ਨੇ ਗੁਰੂ ਹਰਸਹਾਏ ਤੋਂ ਬਾਅਦ ਫਰੀਦਕੋਟ ਆਉਣਾ ਸੀ। ਮੁੱਖ ਮੰਤਰੀ ਦਾ ਹੈਲੀਕਾਪਟਰ 1:00 ਵਜੇ ਚੰਡੀਗੜ੍ਹ ਤੋਂ ਉੱਡ ਕੇ ਫਰੀਦਕੋਟ ਪਹੁੰਚ ਗਿਆ ਜਦੋਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੈਅ ਸਮੇਂ ਨਾਲੋਂ ਤਿੰਨ ਘੰਟੇ ਲੇਟ ਰੈਲੀ ਵਿੱਚ ਪੁੱਜੇ। ਇਸ ਰੈਲੀ ਨੂੰ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ, ਦਰਸ਼ਨ ਸਿੰਘ ਢਿੱਲਵਾਂ, ਜਸਵਿੰਦਰ ਸਿੰਘ ਸਿੱਖਾਂਵਾਲਾ, ਬਲਜੀਤ ਸਿੰਘ ਗੋਰਾ, ਗਿੰਦਰਜੀਤ ਸਿੰਘ ਮਚਾਕੀ, ਬਲਵੰਤ ਸਿੰਘ ਭਾਣਾ, ਕੁਲਵਿੰਦਰ ਸਿੰਘ ਪੱਖੀ ਕਲਾਂ ਅਤੇ ਲਲਿਤ ਮੋਹਨ ਗੁਪਤਾ ਆਦਿ ਨੇ ਵੀ ਸੰਬੋਧਨ ਕੀਤਾ।
ਮਮਦੋਟ (ਜਸਵੰਤ ਸਿੰਘ ਥਿੰਦ): ਸਥਾਨਕ ਖਾਈ ਟੀ-ਪੁਆਇੰਟ ’ਤੇ ਪਾਰਟੀ ਆਗੂ ਆਸ਼ੂ ਬੰਗੜ ਦੇ ਹੱਕ ਵਿੱਚ ਕੀਤੀ ਗਈ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਅੱਜ ਇਥੇ ਮੁੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ। ਉਨ੍ਹਾਂ ਆਸ਼ੂ ਬੰਗੜ ਨੂੰ ਆਪਣਾ ਛੋਟਾ ਭਰਾ ਦੱਸਦਿਆਂ ਕਿਹਾ ਕਿ ਇਹ ਇੱਕ ਹੀਰਾ ਬੰਦਾ ਹੈ ਤੇ ਹਲਕੇ ਦੇ ਵਸਨੀਕ ਇਸ ਹੀਰੇ ਨੂੰ ਜ਼ਰੂਰ ਸਾਂਭਣ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਮਿੰਦਰ ਆਂਵਲਾ ਤੇ ਪਰਮਿੰਦਰ ਸਿੰਘ ਪਿੰਕੀ ਵੀ ਮੌਜੂਦ ਸਨ।ਆਮ ਆਦਮੀ ਪਾਰਟੀ ’ਤੇ ਤਨਜ਼ ਕੱਸਦਿਆਂ ਚੰਨੀ ਨੇ ਕਿਹਾ ਕਿ ਕਾਂਗਰਸ ਦੀਆਂ ਰੈਲੀਆਂ ਵਿੱਚ ਲੋਕ ਖੁਸ਼ੀ ਖੁਸ਼ੀ ਆਉਂਦੇ ਹਨ, ਪਰ ‘ਆਪ’ ਦੀਆਂ ਰੈਲੀਆਂ ਵਿੱਚ ਇੰਜ ਜਾਂਦੇ ਹਨ, ਜਿਵੇਂ ਭੋਗ ’ਤੇ ਚੱਲੇ ਹੋਣ। ਉਨ੍ਹਾਂ ਕਿਹਾ ਕਿ 20 ਮਾਰਚ ਨੂੰ ਲੋਕਾਂ ਨੇ ‘ਆਪ’ ਦਾ ਵੀ ਭੋਗ ਹੀ ਪਾ ਦੇਣਾ ਹੈ। ਕੇਜਰੀਵਾਲ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾ ਕਿਹਾ ਕਿ ਅਸੀਂ ਕਿਸੇ ਬਾਹਰੀ ਬੰਦੇ ਨੂੰ ਰਾਜ ਨਹੀਂ ਦੇਣਾ।
‘ਪੰਪ ਉੱਤੇ ਝਾੜੂ ਵੀ ਮਾਰ ਲੈਂਦੇ ਸਨ ਚੰਨੀ’
ਘਨੌਲੀ (ਜਗਮੋਹਨ ਸਿੰਘ): ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਬੀਤੇ ਦਿਨ ਤੇਲ ਵੇਚਣ ਦੀ ਕਹੀ ਗੱਲ ਉਨ੍ਹਾਂ ਦੇ ਪੰਪ ’ਤੇ ਕੰਮ ਕਰਦੇ ਕਰਮਚਾਰੀ ਬਲਵੰਤ ਸਿੰਘ ਨੇ ਬਿਲਕੁਲ ਸੱਚ ਹੋਣ ਦਾ ਦਾਅਵਾ ਕੀਤਾ ਹੈ। ਅੱਜ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਜ਼ਿਮੀਂਦਾਰਾ ਫਿਲਿੰਗ ਸਟੇਸ਼ਨ ਨਾਮਕ ਪੈਟਰੋਲ ਪੰਪ ’ਤੇ ਕੰਮ ਕਰਦੇ ਕਰਮਚਾਰੀ ਬਲਵੰਤ ਸਿੰਘ ਡੰਗੌਲੀ ਨੇ ਦੱਸਿਆ ਕਿ ਸ੍ਰੀ ਚੰਨੀ ਵੱਲੋਂ 1986 ਵਿੱਚ ਪਿੰਡ ਅਲੀਪੁਰ ਵਿਖੇ ਪੈਟਰੋਲ ਪੰਪ ਲਾਇਆ ਗਿਆ ਸੀ ਅਤੇ ਉਹ ਉਸੇ ਸਮੇਂ ਤੋਂ ਪੰਪ ’ਤੇ ਤਾਇਨਾਤ ਹੈ। ਉਸ ਨੇ ਦੱਸਿਆ ਕਿ ਉਹ ਉਸ ਸਮੇਂ ਬਤੌਰ ਹੈਲਪਰ ਪੰਪ ’ਤੇ ਨੌਕਰੀ ਕਰਨ ਲੱਗਿਆ ਸੀ ਤੇ ਇਸ ਸਮੇਂ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਸ੍ਰੀ ਚੰਨੀ ਨੇ ਉਨ੍ਹਾਂ ਨੂੰ ਕਦੇ ਵੀ ਆਪਣੇ ਨੌਕਰ ਨਹੀਂ ਸਮਝਿਆ ਤੇ ਉਨ੍ਹਾਂ ਨਾਲ ਰਲ ਕੇ ਉਹ ਖੁਦ ਵੀ ਪੰਪ ਦੀ ਮਸ਼ੀਨ ਦੀ ਨੋਜ਼ਲ ਫੜ ਕੇ ਤੇਲ ਪਾਉਣ ਲੱਗ ਜਾਂਦੇ ਸਨ। ਉਸ ਨੇ ਦੱਸਿਆ ਕਿ ਸ੍ਰੀ ਚੰਨੀ ਪੰਪ ’ਤੇ ਸਾਫ-ਸਫਾਈ ਲਈ ਝਾੜੂ ਵੀ ਖੁਦ ਫੇਰਨ ਲੱਗ ਜਾਂਦੇ ਸਨ ਤੇ ਉਨ੍ਹਾਂ ਨੂੰ ਖੁਦ ਆਪਣੇ ਹੱਥੀਂ ਕੰਮ ਕਰਨ ਦਾ ਬੜਾ ਸ਼ੌਕ ਹੈ।