ਸੰਤੋਖ ਗਿੱਲ
ਗੁਰੂਸਰ ਸੁਧਾਰ, 13 ਜੁਲਾਈ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ’ਤੇ ਰੱਖਣ ਲਈ ਵਾਅਦੇ ਅਤੇ ਦਾਅਵੇ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਚੰਨੀ ਦੀਆਂ ਕਾਂਗਰਸ ਸਰਕਾਰਾਂ ਸਮੇਤ ਆਮ ਆਦਮੀ ਪਾਰਟੀ ਨੇ ਵੀ ਕੀਤੇ ਸਨ ਪਰ ਹਕੀਕਤ ਕੁਝ ਹੋਰ ਹੀ ਹੈ। ਕੇਂਦਰ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਨੁਸਾਰ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਅਜਿਹਾ ਕੋਈ ਪ੍ਰਸਤਾਵ ਮਿਲਿਆ ਹੀ ਨਹੀਂ ਹੈ। ਹਲਵਾਰਾ ਦੇ ਕੌਮਾਂਤਰੀ ਹਵਾਈ ਅੱਡੇ ਦੇ ਨਾਮਕਰਨ ਲਈ ਅਰਸੇ ਤੋਂ ਆਵਾਜ਼ ਉਠਾਉਂਦੇ ਆ ਰਹੇ ਇਲਾਕੇ ਦੇ ਸਮਾਜ ਸੇਵੀ ਸੁਖਵਿੰਦਰ ਸਿੰਘ ਹਲਵਾਰਾ ਨੂੰ ਕੇਂਦਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਅਧੀਨ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਅਜਿਹਾ ਕੋਈ ਪ੍ਰਸਤਾਵ ਨਹੀਂ ਮਿਲਿਆ ਹੈ।
ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਨੇ ਵੀ ਕਈ ਵਾਰ ਹਵਾਈ ਅੱਡੇ ਦਾ ਨਾਮ ਸ਼ਹੀਦ ਸਰਾਭਾ ਦੇ ਨਾਮ ’ਤੇ ਰੱਖਣ ਲਈ ਦਾਅਵੇ ਅਤੇ ਵਾਅਦੇ ਕੀਤੇ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਸੜਕ ਮਾਰਗ ਦਾ ਉਦਘਾਟਨ ਕਰਦਿਆਂ ਦਾਅਵਾ ਕੀਤਾ ਸੀ ਕਿ ਸੂਬਾ ਸਰਕਾਰ ਅਜਿਹਾ ਪ੍ਰਸਤਾਵ ਜਲਦੀ ਭੇਜ ਰਹੀ ਹੈ। ਉਸ ਤੋਂ ਬਾਅਦ ਸ਼ਹੀਦ ਕਰਤਾਰ ਸਿੰਘ ਸਰਾਭਾ ਬੱਸ ਅੱਡਾ ਮੁੱਲਾਂਪੁਰ ਦਾ ਨੀਂਹ ਪੱਥਰ ਰੱਖਣ ਵੇਲੇ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਤੇ ਮੌਜੂਦਾ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦਾ ਨਾਮ ਸ਼ਹੀਦ ਸਰਾਭਾ ਦੇ ਨਾਮ ’ਤੇ ਰੱਖਣ ਲਈ ਪ੍ਰਸਤਾਵ ਭੇਜਣ ਦਾ ਦਾਅਵਾ ਕੀਤਾ ਸੀ। ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਵੀ ਅਜਿਹੇ ਦਾਅਵੇ ਕਰਦੇ ਰਹੇ ਹਨ ਪਰ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਅਨੁਸਾਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 12 ਜੁਲਾਈ ਨੂੰ ਭੇਜੇ ਜਵਾਬ ਵਿੱਚ ਕਿਹਾ ਕਿ ਆਮ ਤੌਰ ’ਤੇ ਹਵਾਈ ਅੱਡੇ ਦਾ ਨਾਮ ਸ਼ਹਿਰ ਦੇ ਨਾਮ ਉੱਤੇ ਰੱਖਿਆ ਜਾਂਦਾ ਹੈ ਪਰ ਜੇਕਰ ਇਸ ਤੋਂ ਵੱਖਰਾ ਕੋਈ ਨਾਮ ਰੱਖਣਾ ਹੋਵੇ ਤਾਂ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਾਸ ਕੀਤੇ ਪ੍ਰਸਤਾਵ ਅਨੁਸਾਰ ਵੀ ਨਾਮ ਰੱਖਿਆ ਜਾ ਸਕਦਾ ਹੈ ਪਰ ਅੱਜ ਤੱਕ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਅਜਿਹਾ ਕੋਈ ਪ੍ਰਸਤਾਵ ਮਿਲਿਆ ਹੀ ਨਹੀਂ ਹੈ।