ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜੁਲਾਈ
ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰ ਮੁਖਤਾਰ ਅੰਸਾਰੀ ਦੀ ਨਜ਼ਰਬੰਦੀ ਦੇ ਸਬੰਧ ’ਚ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਦਿੱਤੀ ਗਈ ਫ਼ੀਸ ਦੇ ਪੈਸੇ ਵਸੂਲਣ ਬਾਰੇ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਜਿਹੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਕਾਨੂੰਨ ਤੇ ਜਾਂਚ ਪ੍ਰਕਿਰਿਆ ਸਿੱਖਣ ਦੀ ਸਲਾਹ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਾਢੇ ਨੌਂ ਸਾਲ ਸੂਬੇ ਦੇ ਮੁੱਖ ਮੰਤਰੀ ਰਹੇ ਹਨ, ਜਦਕਿ ਭਗਵੰਤ ਮਾਨ ਨੇ ਡੇਢ ਸਾਲ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਅਣਜਾਣ ਬਿਆਨ ਦੇਣ ਤੋਂ ਪਹਿਲਾਂ ਸ਼ਾਸਨ ਬਾਰੇ ਸਿੱਖਣਾ ਅਤੇ ਤਜਰਬਾ ਹਾਸਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਖਤਾਰ ਅੰਸਾਰੀ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਜਾਂਚ ਲਈ ਇੱਥੇ ਲਿਆਂਦਾ ਗਿਆ ਸੀ। ਸਾਬਕਾ ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਇਸ ਮਾਮਲੇ ’ਚ ਮੁੱਖ ਮੰਤਰੀ ਜਾਂ ਜੇਲ੍ਹ ਮੰਤਰੀ ਕਿੱਥੇ ਆਉਂਦੇ ਹਨ? ਉਨ੍ਹਾਂ ਸ੍ਰੀ ਮਾਨ ਨੂੰ ਕਿਹਾ ਕਿ ਉਹ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਕਾਨੂੰਨੀ ਤੇ ਜਾਂਚ ਪ੍ਰਕਿਰਿਆਵਾਂ ਬਾਰੇ ਆਪਣੇ ਗਿਆਨ ਵਿੱਚ ਵਾਧਾ ਕਰ ਲੈਣ। ਅਜਿਹੇ ਬਿਆਨ ਲੋਕਾਂ ਵਿੱਚ ਸਿਰਫ਼ ਉਨ੍ਹਾਂ ਦੀ ਅਗਿਆਨਤਾ ਨੂੰ ਹੀ ਉਭਾਰਦੇ ਹਨ।
ਮੁੱਖ ਮੰਤਰੀ ਨੋਟਿਸ ਭੇਜਣ, ਮੈਂ ਜਵਾਬ ਦਿਆਂਗਾ: ਰੰਧਾਵਾ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੋਟਿਸ ਭੇਜਣ, ਉਹ ਇਸ ਦਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਗੱਲ ਨੂੰ ਇਵੈਂਟ ਬਣਾਉਣ ’ਚ ਲੱਗੇ ਹੋਏ ਹਨ, ਜੋ ਸਹੀ ਨਹੀਂ ਹੈ। ਸ੍ਰੀ ਰੰਧਾਵਾ ਨੇ ਕਿਹਾ ਕਿ ਵਕੀਲ ਕਰਨਾ ਗ੍ਰਹਿ ਵਿਭਾਗ ਦਾ ਕੰਮ ਹੁੰਦਾ ਹੈ, ਉਸ ’ਚ ਜੇਲ੍ਹ ਵਿਭਾਗ ਦੀ ਕੋਈ ਭੂਮਿਕਾ ਨਹੀਂ ਹੁੰਦੀ।