ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਜੁਲਾਈ
ਪੰਜਾਬ ਦੇ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਬੁੱਢੇ ਨਾਲੇ ਦਾ ਦੌਰਾ ਕੀਤਾ। ਉਹ ਬੁੱਢਾ ਕਾਇਆ ਕਲਪ ਪ੍ਰਾਜੈਕਟ ਦੀ ਸਮੀਖਿਆ ਮੀਟਿੰਗ ਕਰਨ ਲਈ ਸ਼ਹਿਰ ਦੇ ਸੀਈਟੀਪੀ ਪਲਾਂਟ ਵਿੱਚ ਪੁੱਜੇ ਸਨ।
ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਜੋ ਅੱਜ ਮੱਤੇਵਾੜਾ ਸਨਅਤੀ ਪਾਰਕ ਨੂੰ ਰੱਦ ਕਰਨ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੇ ਇਹ ਪਾਰਕ ਭਾਜਪਾ ਦੇ ਕਹਿਣ ’ਤੇ ਲਿਆਂਦਾ ਸੀ। ਕੇਂਦਰ ਸਰਕਾਰ ਦੇ ਹੁਕਮਾਂ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅੱਖੋਂ-ਪਰੋਖੇ ਕਰ ਕੇ, ਵਾਤਾਵਰਨ ਨੂੰ ਖ਼ਰਾਬ ਕਰਨ ਲਈ ਬਿਨਾਂ ਸੋਚੇ ਸਮਝੇ ਇਸ ਸਨਅਤੀ ਇਕਾਈ ਨੂੰ ਮਨਜ਼ੂਰੀ ਦਿੱਤੀ ਸੀ। ਹੁਣ ਪੰਜਾਬ ’ਚ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦੀ ਸੁਣਵਾਈ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਤੱਕ ਜਦੋਂ ਲੋਕਾਂ ਦੀ ਆਵਾਜ਼ ਪੁੱਜੀ ਤਾਂ ਉਨ੍ਹਾਂ ਨੇ ਇਸ ਸਨਅਤੀ ਇਕਾਈ ਨੂੰ ਰੱਦ ਕਰਨ ਦਾ ਫ਼ੈਸਲਾ ਸੁਣਾ ਦਿੱਤਾ। ਇਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਇਸ ਦਾ ਵਿਰੋਧ ਕਰ ਰਹੇ ਹਨ।
ਮੀਤ ਹੇਅਰ ਨੇ ਕਿਹਾ ਕਿ ਬੁੱਢਾ ਨਾਲ ਕਾਇਆ ਕਲੱਪ ਪ੍ਰਾਜੈਕਟ ਦਾ ਜਾਇਜ਼ਾ ਲੈਣ ਤੋਂ ਇਲਾਵਾ ਨਗਰ ਨਿਗਮ ਸੀਵਰੇਜ ਬੋਰਡ, ਪੀਪੀਸੀਬੀ ਤੇ ਹੋਰ ਵਿਭਾਗਾਂ ਦੇ ਅੀਧਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਸਫ਼ਾਈ ਕੰਮਾਂ ’ਚ ਤੇਜ਼ੀ ਲਿਆਉਣ। ਜਮਾਲਪੁਰ ਟ੍ਰੀਟਮੈਂਟ ’ਚ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਹੈ ਕਿ ਬੁੱਢੇ ਨਾਲੇ ਦੀ ਸਫ਼ਾਈ ਦੇ ਪ੍ਰਾਜੈਕਟ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।
ਐਨਜੀਟੀ ਮੋਨੀਟਰਿੰਗ ਕਮੇਟੀ ਨੇ ਲਾਈ ਅਫ਼ਸਰਾਂ ਦੀ ਕਲਾਸ
ਜ਼ਿਲ੍ਹਾ ਲੁਧਿਆਣਾ ਲਈ ਵਾਤਾਵਰਨ ਪਲਾਨ ਸਬੰਧੀ ਸਮੀਖਿਆ ਕਰਨ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਮੋਨੀਟਰਿੰਗ ਕਮੇਟੀ ਦੀ ਵਿਸ਼ੇਸ਼ ਮੀਟਿੰਗ ਅੱਜ ਸਥਾਨਕ ਬੱਚਤ ਭਵਨ ਵਿੱਚ ਹੋਈ। ਇਸ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ (ਸੇਵਾਮੁਕਤ) ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਕਮੇਟੀ ਮੈਂਬਰ ਸੇਵਾਮੁਕਤ ਮੁੱਖ ਸਕੱਤਰ ਪੰਜਾਬ ਸਰਕਾਰ ਸੁਵੋਧ ਅਗਰਵਾਲ, ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ, ਡਾ. ਬਾਬੂ ਰਾਮ, ਡੀਸੀ ਸੁਰਭੀ ਮਲਿਕ ਹਾਜ਼ਰ ਸਨ। ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਲੁਧਿਆਣਾ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਉਪਰਾਲੇ ਲਗਾਤਾਰ ਜਾਰੀ ਰੱਖਣੇ ਚਾਹੀਦੇ ਹਨ। ਕਮੇਟੀ ਮੈਂਬਰਾਂ ਨੇ ਪੀਪੀਸੀਬੀ ਤੇ ਨਗਰ ਨਿਗਮ ਦੇ ਅਫ਼ਸਰਾਂ ਦੀ ਕਲਾਸ ਵੀ ਲਗਾਈ। ਉਨ੍ਹਾਂ ਇਤਰਾਜ਼ ਜਤਾਇਆ ਕਿ ਪਿਛਲੀ ਮੀਟਿੰਗ ਵਿੱਚ ਹੋਈ ਚਰਚਾ ’ਤੇ ਕੁੱਝ ਅਮਲ ਨਹੀਂ ਹੋਇਆ।