ਤਲਵੰਡੀ ਸਾਬੋ (ਪੱਤਰ ਪ੍ਰੇਰਕ): ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਚ ਚੱਲ ਰਹੇ ਵਿਸਾਖੀ ਜੋੜ ਮੇਲੇ ਮੌਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਤਮਸਤਕ ਹੋਏ। ਸ੍ਰੀ ਬਾਦਲ ਨੇ ਮੱਥਾ ਟੇਕਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਣਕ ਦੀ ਸਿੱਧੀ ਅਦਾਇਗੀ, ਪੇਂਡੂ ਵਿਕਾਸ ਫੰਡ ਸਣੇ ਹੋਰ ਮਸਲਿਆਂ ’ਤੇ ਕੈਪਟਨ ਅਮਰਿੰਦਰ ਸਿੰਘ ’ਤੇ ਕੇਂਦਰ ਅੱਗੇ ਗੋਡੇ ਟੇਕ ਦਿੱਤੇ ਹਨ ਕਿਉਂਕਿ ਉਨ੍ਹਾਂ ਕੇਂਦਰ ਦੇ ਕਿਸੇ ਫ਼ੈਸਲੇ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦੂਜੇ ਸੂਬਿਆਂ ਨਾਲੋਂ ਦੇਰੀ ਨਾਲ 10 ਅਪਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਪਰ ਅਜੇ ਵੀ ਬਹੁਤੀਆਂ ਮੰਡੀਆਂ ’ਚ ਬਾਰਦਾਨਾ ਨਹੀਂ ਪੁੱਜਾ ਤੇ ਕਈ ਥਾਈਂ ਖ਼ਰੀਦ ਵੀ ਸ਼ੁਰੂ ਨਹੀਂ ਹੋਈ।
ਸੁਖਬੀਰ ਬਾਦਲ ਖ਼ਿਲਾਫ ਨਾਅਰੇਬਾਜ਼ੀ
ਇਸ ਦੌਰਾਨ ਜਦੋਂ ਸੁਖਬੀਰ ਤਖ਼ਤ ਦਮਦਮਾ ਸਾਹਿਬ ਮੱਥਾ ਟੇਕ ਕੇ ਵਾਪਸ ਜਾ ਰਹੇ ਸਨ ਤਾਂ ਸੰਗਤ ਵਿੱਚੋਂ ਕੁੱਝ ਲੋਕਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨਾਅਰੇ ਮਾਰਨ ਵਾਲਿਆਂ ਵਿੱਚ ਬੀਬੀਆਂ ਵੀ ਸ਼ਾਮਲ ਸਨ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਕੌਣ ਸਨ ਤੇ ਕਿਉਂ ਨਾਅਰੇ ਲਾ ਰਹੇ ਸਨ।