ਚੰਡੀਗੜ੍ਹ, 5 ਜੁਲਾਈ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਨੇਤਾਵਾਂ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਰਾਹੁਲ ਗਾਂਧੀ ਨਾਲ ਲੰਬੀ ਮੁਲਾਕਾਤ ਤੋਂ ਕੁਝ ਦਿਨ ਬਾਅਦ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ। ਇਹ ਮੀਟਿੰਗ ਦੋ ਘੰਟੇ ਚੱਲੀ। ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਬੈਠਕ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਪਾਰਟੀ ਹਾਈ ਕਮਾਨ ਪੰਜਾਬ ਕਾਂਗਰਸ ਵਿਚਲਾ ਕਲੇਸ਼ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਆਗੂ ਸੋਨੀਆ ਗਾਂਧੀ ਜੋ ਵੀ ਫੈਸਲਾ ਲੈਣਗੇ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਕਾਂਗਰਸ ਪਾਰਟੀ ਵਿਚ ਕੋਈ ਲੜਾਈ ਨਹੀਂ ਹੈ। ਨਵਜੋਤ ਸਿੱਧੂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹ ਸਿੱਧੂ ਸਬੰਧੀ ਹੋਏ ਫੈਸਲੇ ਬਾਰੇ ਨਹੀਂ ਜਾਣਦੇ।