ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਜੂਨ
ਕਾਂਗਰਸ ਹਾਈ ਕਮਾਨ ਦੇ ਫੈਸਲੇ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਵਿਧਾਇਕਾਂ ਤੇ ਵਜ਼ੀਰਾਂ ਨਾਲ ਮਿਲਣੀ ਜਾਰੀ ਹੈ ਅਤੇ ਕਾਂਗਰਸੀ ਵਿਧਾਇਕ ਵੀ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਆਪੋ-ਆਪਣੇ ਮਸਲੇ ਉਠਾ ਰਹੇ ਹਨ। ਬਗ਼ਾਵਤ ਉਠਣ ਮਗਰੋਂ ਮੁੱਖ ਮੰਤਰੀ ਆਪਣੇ ਵਿਧਾਇਕਾਂ ਨੂੰ ਮਿਲਣ ਲਈ ਸਮਾਂ ਦੇਣ ਲੱਗੇ ਹਨ। ਮੁੱਖ ਮੰਤਰੀ ਇਸ ਤਰ੍ਹਾਂ ਕਰਕੇ ਹਾਈ ਕਮਾਨ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ। ਅੱਜ ਦੇਰ ਸ਼ਾਮ ਸੰਸਦ ਮੈਂਬਰ ਰਵਨੀਤ ਬਿੱਟੂ, ਕੈਬਨਿਟ ਮੰਤਰੀ ਓ.ਪੀ. ਸੋਨੀ ਤੋਂ ਇਲਾਵਾ ਅੱਧੀ ਦਰਜਨ ਵਿਧਾਇਕਾਂ ਨਾਲ ਮੁੱਖ ਮੰਤਰੀ ਨੇ ਮੁਲਾਕਾਤ ਕੀਤੀ ਹੈ ਤੇ ਇਸ ਮੀਟਿੰਗ ਵਿਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਸ਼ਾਮਲ ਸਨ। ਵਿਧਾਇਕ ਨਵਤੇਜ ਚੀਮਾ, ਰਣਦੀਪ ਸਿੰਘ ਨਾਭਾ ਵੀ ਮੀਟਿੰਗ ਵਿਚ ਸਨ। ਸੂਤਰ ਦੱਸਦੇ ਹਨ ਕਿ ਕਈ ਵਿਧਾਇਕਾਂ ਨੇ ਵਜ਼ਾਰਤ ਵਿਚ ਸੰਭਾਵੀ ਰੱਦੋਬਦਲ ਦੇ ਮੱਦੇਨਜ਼ਰ ਦੋਆਬੇ ਨੂੰ ਮੰਤਰੀ ਮੰਡਲ ਵਿਚ ਹੋਰ ਸ਼ਮੂਲੀਅਤ ਦਿੱਤੇ ਜਾਣ ਦੀ ਗੱਲ ਰੱਖੀ ਹੈ। ਮੁੱਖ ਮੰਤਰੀ ਨੂੰ ਇਨ੍ਹਾਂ ਵਿਧਾਇਕਾਂ ਅਤੇ ਵਜ਼ੀਰਾਂ ਨੇ ਪੂਰੀ ਤਰ੍ਹਾਂ ਨਾਲ ਖੜ੍ਹੇ ਹੋਣ ਦੀ ਗੱਲ ਆਖੀ ਹੈ। ਮੁੱਖ ਮੰਤਰੀ ਵੱਲੋਂ ਪਿਛਲੇ ਦਿਨਾਂ ਦੌਰਾਨ ਦਲਿਤ ਵਿਧਾਇਕਾਂ ਨਾਲ ਵੀ ਫੋਨ ’ਤੇ ਰਾਬਤਾ ਕੀਤਾ ਗਿਆ ਹੈ। ਅੱਜ ਦਿਨ ਭਰ ਚਰਚੇ ਰਹੇ ਕਿ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਅਤੇ ਸਮੁੱਚੀ ਲੀਡਰਸ਼ਿਪ ਨੂੰ 20 ਜੂਨ ਨੂੰ ਦਿੱਲੀ ਤਲਬ ਕਰ ਲਿਆ ਹੈ।