ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਗਸਤ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁੱਤਰ ਰਣਇੰਦਰ ਸਿੰਘ ਨਾਲ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਤੇ ਕੌਮੀ ਪੱਧਰ ਦੇ ਮੁੱਦੇ ਵਿਚਾਰੇ। ਆਪਣੀ ਪਿੱਠ ਦਾ ਲੰਡਨ ਵਿੱਚੋਂ ਇਲਾਜ ਕਰਵਾ ਦੇਸ਼ ਪਰਤਣ ਮਗਰੋਂ ਉਨ੍ਹਾਂ ਸ੍ਰੀ ਮੋਦੀ ਨਾਲ ਮੁਲਾਕਾਤ ਕੀਤੀ। ਕੈਪਟਨ ਨੇ ਮੁਲਾਕਾਤ ਮਗਰੋਂ ਕਿਹਾ ਕਿ ਸ੍ਰੀ ਮੋਦੀ ਨਾਲ ਅੱਜ ਦੀ ਮਿਲਣੀ ਨਿੱਘ ਵਾਲੀ ਰਹੀ ਤੇ ਪੰਜਾਬ ਦੇ ਕਈ ਮਸਲੇ ਵਿਚਾਰੇ। ਉਨ੍ਹਾਂ ਦੱਸਿਆ ਕਿ ਦੋਹਾਂ ਨੇ ਦੇਸ਼ ਤੇ ਸੂਬੇ ਦੀ ਸੁਰੱਖਿਆ ਬਾਰੇ ਚਰਚਾ ਕੀਤੀ ਤੇ ਮਿਲ ਕੇ ਕੰਮ ਕਰਨ ਦਾ ਇਰਾਦਾ ਪ੍ਰਗਟਾਇਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਸਰੱਹਦੀ ਸੂਬੇ ਵਿੱਚ ਸੁਰੱਖਿਆ ਦਾ ਮੁੱਦਾ ਹਮੇਸ਼ਾਂ ਉਠਾਇਆ ਜਾਂਦਾ ਰਿਹਾ ਹੈ। ਇਸ ਤੋਂ ਚਰਚਾ ਛਿੜ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਪੰਜਾਬ ਵਿੱਚ ਭਾਜਪਾ ਦੀ ਕਮਾਨ ਸਾਂਭ ਲੈਣ। ਕਾਂਗਰਸ ਤੇ ਅਕਾਲੀ ਦਲ ਬਾਦਲ ਦੇ ਨਾਰਾਜ਼ ਆਗੂਆਂ ਨੂੰ ਪਲੋਸ ਕੇ ਭਾਜਪਾ ਨਾਲ ਜੋੜਨ ਦੀ ਕੋਸ਼ਿਸ਼ ਭਾਜਪਾ ਕਰ ਰਹੀ ਹੈ। ਕੈਪਟਨ ਵੱਲੋਂ ਪੰਜਾਬ ਲੋਕ ਕਾਂਗਰਸ ਬਣਾ ਕੇ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਤਜਰਬਾ ਕੌੜਾ ਰਿਹਾ ਤੇ ਉਹ ਆਪਣਾ ਹਲਕਾ ਵੀ ਨਾ ਜਿੱਤ ਸਕੇ।