ਰਵੇਲ ਸਿੰਘ ਭਿੰਡਰ
ਪਟਿਆਲਾ, 25 ਜੂਨ
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਘਨੌਰ ਦੀ ਨਾਜਾਇਜ਼ ਸ਼ਰਾਬ ਫੈਕਟਰੀ ਦੇ ਸੰਦਰਭ ’ਚ ਅੱਜ ਅਹਿਮ ਖੁਲਾਸੇ ਕੀਤੇ। ਉਨ੍ਹਾਂ ਆਖਿਆ ਕਿ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀਆਂ ਪੁਲੀਸ ਤਫ਼ਤੀਸ਼ ਦੌਰਾਨ ਨਿਊ ਮੋਤੀ ਬਾਗ ਪੈਲੇਸ ਦੇ ਬੇਹੱਦ ਨੇੜਲਿਆਂ ਨਾਲ ਤਾਰਾਂ ਜੁੜਦੀਆਂ ਸਨ ਜਿਸ ਮਗਰੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੋਸ਼ੀਆਂ ਦੇ ਬਚਾਅ ’ਚ ਆ ਗਏ ਹਨ। ਇਸ ਕਾਰਨ ਹੀ ਪੰਜਾਬ ਸਰਕਾਰ ਈ.ਡੀ. ਨੂੰ ਕੇਸ ਦੀ ਫਾਈਲ ਨਹੀਂ ਸੌਂਪ ਰਹੀ। ਬੀਰ ਦਵਿੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਨਾਜਾਇਜ਼ ਸ਼ਰਾਬ ਫੈਕਟਰੀ ’ਚ ਕੁਝ ਵੱਡੇ ਕਾਂਗਰਸੀ ਆਗੂਆਂ ਦਾ ਨਾਮ ਬੋਲ ਰਿਹਾ ਹੈ। ਜਦੋਂਕਿ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਬੇਹੱਦ ਨੇੜਤਾ ਰੱਖਣ ਵਾਲੇ ਕੁੱਝ ਵਿਅਕਤੀ ਤਾਂ ਪਹਿਲਾਂ ਹੀ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਜਦੋਂ ਫੈਕਟਰੀ ਫੜੀ ਗਈ ਸੀ ਤਾਂ ਇਹ ਭੇਤ ਖੁੱਲ੍ਹਿਆ ਸੀ ਕਿ ਲੰਮੇਂ ਸਮੇਂ ਤੋਂ ਘਨੌਰ ਹਲਕੇ ਅੰਦਰ ਇੱਕ ਕੋਲਡ ਸਟੋਰ ’ਚ ਪਰਦੇ ਹੇਠ ਚੱਲ ਰਹੀ ਨਕਲੀ ਸ਼ਰਾਬ ਦੀ ਫੈਕਟਰੀ ਜ਼ਰੀਏ ਕਰੀਬ 300 ਕਰੋੜ ਰੁਪਏ ਦੀ ਨਕਲੀ ਸ਼ਰਾਬ ਦੀ ਵਿਕਰੀ ਹੋ ਰਹੀ ਸੀ ਜਿਸ ਦੀ ਕਮਾਈ ਊਪਰ ਤਕ ਪੁੱਜਦੀ ਸੀ। ਇਸ ਦੀ ਪੜਤਾਲ ਹੁਣ ਭਾਰਤ ਸਰਕਾਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ ਨੂੰ ਸੌਂਪ ਦਿੱਤੀ ਹੈ। ਇਸ ਪੜਤਾਲ ਲਈ ਈ.ਡੀ ਦੇ ਡਿਪਟੀ ਡਾਇਰੈਕਟਰ ਨਰੰਜਣ ਸਿੰਘ ਨੇ ਖ਼ੁਦ ਪਟਿਆਲਾ ਪੁੱਜ ਕੇ ਪੁਲੀਸ ਤੋਂ ਕੇਸ ਫਾਈਲ ਮੰਗੀ ਹੈ। ਉਨ੍ਹਾਂ ਆਖਿਆ ਕਿ ਜੇ ਮੁੱਖ ਮੰਤਰੀ ਦੇ ਪੱਲੇ ਸੱਚ ਹੈ ਤਾਂ ਇਸ ਮਾਮਲੇ ਦੀ ‘ਕੇਸ ਫਾਈਲ’ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਹਵਾਲੇ ਕਿਉਂ ਨਹੀਂ ਕਰ ਰਹੇ।
ਸ਼੍ਰੋਮਣੀ ਅਕਾਲੀ ਦਲ ‘ਟਕਸਾਲੀ’ ਦੇ ਨਵੇਂ ਤਖੱਲਸ ਦੇ ਚਰਚੇ
ਸ਼੍ਰੋਮਣੀ ਅਕਾਲੀ ਦਲ ‘ਟਕਸਾਲੀ’ ਦਾ ‘ਟਕਸਾਲੀ’ ਤਖ਼ੱਲਸ ਹੁਣ ਖਤਰੇ ’ਚ ਪਿਆ ਵਿਖਾਈ ਦੇਣ ਲੱਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਧਿਰ ਹੁਣ ਆਪਣੇ ਨਾਮ ਨਾਲੋਂ ‘ਟਕਸਾਲੀ’ ਸ਼ਬਦ ਨੂੰ ਲਾਹ ਕੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਨਵੇਂ ਸਿਰਿਉਂ ਗਠਿਤ ਹੋਣ ਵਾਲੀ ਨਵੀਂ ਸਿਆਸੀ ਪਾਰਟੀ ’ਚ ਸ਼ਾਮਲ ਹੋ ਸਕਦੀ ਹੈ। ਵੇਰਵਿਆਂ ਮੁਤਾਬਿਕ ਅੰਦਰਖ਼ਾਤੇ ਅਕਾਲੀ ਦਲ ‘ਟਕਸਾਲੀ’ ਤੇ ਸੁਖਦੇਵ ਸਿੰੰਘ ਢੀਂਡਸਾ ਦਰਮਿਆਨ ਨਵੀਂ ਸਫ਼ਬੰਦੀ ਖੜ੍ਹੀ ਕਰਨ ਲਈ ਵਿਚਾਰਾਂ ਚੱਲ ਰਹੀਆਂ ਹਨ ਤੇ ਨਵੀਂ ਬਣਨ ਵਾਲੀ ਪਾਰਟੀ ਦੇ ਨਾਮਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਇਸ ਗੱਲੋਂ ਤਾਂ ਪੂਰੀ ਤਰ੍ਹਾਂ ਸਹਿਮਤ ਹੋ ਗਈਆਂ ਹਨ ਕਿ ਨਵੀਂ ਧਿਰ ਦਾ ਨਾਮ ‘ਸ਼੍ਰੋਮਣੀ ਅਕਾਲੀ ਦਲ’ ਹੀ ਹੋਵੇਗਾ ਪਰ ਨਾਲ ਵੱਖਰੀ ਪਛਾਣ ਵਜੋਂ ਕੋਈ ਹੋਰ ਤਖ਼ੱਲਸ ਲਾਉਣ ਬਾਰੇ ਗੱਲਬਾਤ ਚਲ ਰਹੀ ਹੈ। ਅਕਾਲੀ ਦਲ ‘ਟਕਸਾਲੀ’ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਨਾਲ ਅਗਲੀ ਰਣਨੀਤੀ ਸਬੰਧੀ ਪਾਰਟੀ ਵੱਲੋਂ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਦਿੱਤੇ ਹੋਏ ਹਨ। ਸੁਖਦੇਵ ਸਿੰਘ ਢੀਂਡਸਾ ਜਿਹੜੇ ਕਿ ਅੱਜ ਪਿੰਡ ਸੀਲ ‘ਪਟਿਆਲਾ’ ‘ਚ ਸ਼ਹੀਦ ਮਨਦੀਪ ਸਿੰਘ ਦੇ ਘਰ ਪੁੱਜੇ ਸਨ ਦਾ ਕਹਿਣਾ ਸੀ ਕਿ ਨਵੀਂ ਪਾਰਟੀ ਬਣਾਉਣ ਬਾਰੇ ਰਣਨੀਤੀ ਜਾਰੀ ਹੈ, ਉਂਜ ਉਨ੍ਹਾਂ ਹੋਰ ਵੇਰਵੇ ਦੇਣ ਤੋਂ ਕਰੀਬ ਟਾਲਾ ਹੀ ਵੱਟਿਆ।