ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਂਮਾਰੀ ਦੇ ਸੰਕਟਮਈ ਦੌਰ ਵਿੱਚ ਵੀ ਵਿਰੋਧੀ ਧਿਰ ਵੱਲੋਂ ਪੰਜਾਬ ਵਿੱਚ ਆਪਣੀ ਸੌੜੀ ਸਿਆਸਤ ਜਾਰੀ ਰੱਖਣ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਬੁਲਾਉਣਾ ਸਰਕਾਰ ਦੀ ਸੰਵਿਧਾਨਕ ਜ਼ਰੂਰਤ ਹੈ ਜਿਵੇਂ ਇਸ ਵੱਲੋਂ ਦੋ ਦਿਨ ਪਹਿਲਾਂ ਕੀਤੇ ਅਧਿਕਾਰਤ ਐਲਾਨ ਵਿੱਚ ਸਪੱਸ਼ਟ ਤੌਰ ’ਤੇ ਦੱਸਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਦੋਸ਼ਾਂ ਦੇ ਉਲਟ ਲੋਕਾਂ ਨਾਲ ਕੋਝਾ ਮਜ਼ਾਕ ਉਨ੍ਹਾਂ ਦੀ ਸਰਕਾਰ ਵੱਲੋਂ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਵੱਲੋਂ ਕੀਤਾ ਗਿਆ ਹੈ, ਜਿਸ ਦੀ ਬਤੌਰ ਵਿਧਾਇਕ ਵਿਧਾਨ ਸਭਾ ਵਿੱਚ ਹਾਜ਼ਰੀ ਦਾ ਨਿਰਾਸ਼ਾਮਈ ਰਿਕਾਰਡ ਦਰਸਾਉਂਦਾ ਹੈ ਕਿ ਉਸ ਵੱਲੋਂ ਵਿਧਾਨ ਸਭਾ ਅਤੇ ਇਸਦੇ ਸੈਸ਼ਨ ਨੂੰ ਕਿੰਨੀ ਘੱਟ ਮਹੱਤਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਰਚ 2017 ਤੋਂ ਮਈ 2019 ਵਿਧਾਇਕ ਹੁੰਦਿਆਂ ਸੁਖਬੀਰ ਵੱਲੋਂ ਸੈਸ਼ਨ ਦੇ 40 ਦਿਨਾਂ ਵਿੱਚੋਂ ਕੇਵਲ 16 ਦਿਨ ਹਾਜ਼ਰੀ ਭਰੀ ਗਈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਪ੍ਰਤੀਕਿਰਿਆ ’ਤੇ ਹੈਰਾਨੀ ਪ੍ਰਗਟ ਕਰਦਿਆਂ ਇਸ ਨੂੰ ਸਿਰਫ ਹਾਸੋਹੀਣਾ ਹੀ ਨਹੀਂ ਕਰਾਰ ਦਿੱਤਾ ਸਗੋਂ ਸੂਬੇ ਦੀਆਂ ਦੋਵਾਂ ਵਿਰੋਧੀ ਧਿਰਾਂ ਵੱਲੋਂ ਸੰਵੇਦਨਸ਼ੀਲਤਾ ਤੇ ਸਰੋਕਾਰਾਂ ਨੂੰ ਦਿੱਤੀ ਤਿਲਾਂਜਲੀ ਦਾ ਵਿਖਾਵਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦੋਵੇਂ ਧਿਰਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਨਿਵਾਣ ਤੱਕ ਚਲੀਆਂ ਗਈਆਂ ਹਨ ਜਦਕਿ ਲੋਕਾਂ ਦੀ ਇਕੋ ਇਕ ਚਿੰਤਾ ਮੌਜੂਦਾ ਸਮੇਂ ਆਪਣੇ ਆਪ ਨੂੰ ਕਰੋਨਾਵਾਇਰਸ ਤੋਂ ਬਚਾਉਣਾ ਹੈ।
ਸੁਖਬੀਰ ਬਾਦਲ ਵੱਲੋਂ ਕੀਤੀ ਟਿੱਪਣੀ ਕਿ ਇਕ ਦਿਨ ਦਾ ਸੈਸ਼ਨ ਸਰਕਾਰ ਵੱਲੋਂ ਇਸ ਗੱਲ ਨੂੰ ਸਹੀ ਠਹਿਰਾਉਣ ਦਾ ਸਬੂਤ ਹੈ ਕਿ ਇਹ ਸਾਸ਼ਨ ਚਲਾਉਣ ਦਾ ਅਧਿਕਾਰ ਗੁਆ ਚੁੱਕੀ ਹੈ, ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਲੋਕਾਂ ਵੱਲੋਂ ਬਹੁਮੱਤ ਦਿੱਤਾ ਗਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਠੀਭਰ ਵਿਧਾਇਕਾਂ ਦੇ ਵਿਧਾਨ ਸਭਾ ਵਿੱਚ ਸਮਰਥਨ ਦੀ ਜ਼ਰੂਰਤ ਨਹੀਂ।