ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਜੁਲਾਈ
ਸ਼ਹਿਰੀ ਦੀਆਂ ਗਲੀਆਂ ਵਿੱਚ ਆਲੂ-ਪਿਆਜ਼ ਵੇਚਣ ਵਾਲੇ ਗੁਰਬਤ ਤੇ ਦੁੱਖਾਂ ਦੇ ਮਾਰੇ 101 ਸਾਲਾ ਬਜ਼ੁਰਗ ਹਰਬੰਸ ਸਿੰਘ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰਥਿਕ ਮਦਦ ਕੀਤੀ ਹੈ। ਬਜ਼ੁਰਗ ਨੇ ਆਖਿਆ ਕਿ ਇਹ ਸਰਕਾਰੀ ਮਦਦ ਉਹ ਆਪਣੇ ਪੋਤਾ-ਪੋਤੀ ਦੀ ਪੜ੍ਹਾਈ ’ਤੇ ਖਰਚ ਕਰੇਗਾ। ਬਜ਼ੁਰਗ ਅਨੁਸਾਰ ਉਸ ਨੇ ਪ੍ਰਸ਼ਾਸਨ ਤੋਂ ਕੁਝ ਨਹੀਂ ਮੰਗਿਆ ਅਤੇ ਮਦਦ ਤੋਂ ਨਾਂਹ ਵੀ ਨਹੀਂ ਸੀ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਆਖਿਆ,‘‘ਮੋਗਾ ਦੇ 100 ਸਾਲਾ ਹਰਬੰਸ ਸਿੰਘ ਦੇ ਸਬਰ ਤੇ ਮਿਹਨਤ ਨੂੰ ਮੇਰਾ ਸਲਾਮ ਹੈ, ਜੋ ਇਸ ਉਮਰੇ ਆਪਣੇ ਤੇ ਆਪਣੇ ਪੋਤਾ-ਪੋਤੀ ਦੇ ਗੁਜ਼ਾਰੇ ਲਈ ਮਿਹਨਤ ਕਰ ਰਿਹਾ ਹੈ। ਇਸ ਲਈ ਅਸੀਂ ਹਰਬੰਸ ਸਿੰਘ ਜੀ ਨੂੰ ਤੁਰੰਤ ਵਿੱਤੀ ਸਹਾਇਤਾ ਵਜੋਂ 5 ਲੱਖ ਰੁਪਏ ਦੀ ਰਾਸ਼ੀ ਤੇ ਉਨ੍ਹਾਂ ਦੇ ਪੋਤਾ-ਪੋਤੀ ਲਈ ਪੜ੍ਹਾਈ ਦੀ ਸਹੂਲਤ ਦਿੱਤੀ ਹੈ। ਮੈਨੂੰ ਇਹ ਵੀ ਖੁਸ਼ੀ ਹੈ ਕਿ ਹਰਬੰਸ ਸਿੰਘ ਜੀ ਦੀ ਮਦਦ ਲਈ ਸਥਾਨਕ ਐੱਨਜੀਓ ਵੀ ਅੱਗੇ ਆਈਆਂ ਹਨ।’’
ਜਾਣਕਾਰੀ ਅਨੁਸਾਰ ਡੀਐੱਸਪੀ ਸੁਖਦੇਵ ਸਿੰਘ ਥਿੰਦ ਨੇ ਸ਼ਹਿਰ ਦੀਆਂ ਗਲੀਆਂ ’ਚ ਆਲੂ-ਪਿਆਜ਼ ਵੇਚ ਰਹੇ 101 ਸਾਲਾ ਬਜ਼ੁਰਗ ਹਰਬੰਸ ਸਿੰਘ ਬਾਰੇ ਆਪਣੇ ਫੇਸ ਬੁੱਕ ਖਾਤੇ ਉੱਤੇ ਪੋਸਟ ਸਾਂਝੀ ਕਰਕੇ ਬਜ਼ੁਰਗ ਦੀ ਮਿਹਨਤ ਨੂੰ ਸਲਾਮ ਕੀਤਾ ਸੀ। ਬਜ਼ੁਰਗ ਹਰਬੰਸ ਸਿੰਘ ਬਾਰੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਸਥਾਨਕ ਡੀਸੀ ਸੰਦੀਪ ਹੰਸ ਨੇ ਬਜ਼ੁਰਗ ਨੂੰ ਬੁਲਾਇਆ ਤੇ ਕਿਹਾ ਕਿ ਇਹ ਉਮਰ ਉਨ੍ਹਾਂ ਦੇ ਆਰਾਮ ਕਰਨ ਦੀ ਹੈ, ਸਰਕਾਰ ਤੁਹਾਡੀ ਮਦਦ ਕਰੇਗੀ। ਇਸ ਸਵਾਲ ’ਤੇ ਬਜ਼ੁਰਗ ਨੇ ਕਿਹਾ ਉਸ ਨੇ ਡੀਸੀ ਅੱਗੇ ਹੱਥ ਜੋੜਦੇ ਕੁਝ ਵੀ ਨਹੀਂ ਮੰਗਿਆ ਅਤੇ ਸਰਕਾਰੀ ਮਦਦ ਤੋਂ ਨਾਂਹ ਵੀ ਨਹੀਂ ਸੀ ਕੀਤੀ। ਡੀਸੀ ਨੇ ਆਖਿਆ ਕਿ ਕਿਸੇ ਬੱਚੇ ਦੀ ਪੜ੍ਹਾਈ ’ਚ ਮਦਦ ਦੀ ਲੋੜ ਹੈ ਜਾਂ ਕੋਈ ਹੋਰ ਜ਼ਰੂਰਤ ਉਹ ਬੋਲਣ, ਪਰ ਬਜ਼ੁਰਗ ਨੇ ਹੱਥ ਜੋੜ ਕੇ ਮਦਦ ਦੀ ਪੇਸ਼ਕਸ਼ ਠੁਕਰਾ ਦਿੱਤੀ। ਅਖੀਰ ਵਿੱੱਚ ਜਾਂਦੇ-ਜਾਂਦੇ ਬਜ਼ੁਰਗ ਨੇ ਏਨੀ ਹੀ ਅਪੀਲ ਕੀਤੀ ਕਿ ਉਨ੍ਹਾਂ ਇਕ ਜ਼ਮੀਨ ਲਈ ਸੀ, ਰਜਿਸਟਰੀ ਕਰਵਾ ਲਈ ਹੈ ਪਰ ਇੰਤਕਾਲ ਨਹੀਂ ਕਰਵਾਇਆ, ਉਹ ਕਰਵਾ ਦੇਣ।
ਬਜ਼ੁਰਗ ਨੇ ਦੱਸਿਆ ਕਿ ਉਸ ਦਾ ਜਨਮ ਪਾਕਿਸਤਾਨ ਦਾ ਹੈ। ਉਨ੍ਹਾਂ ਦਾ ਪਿੰਡ ਸਰਾਂ ਮੁਗਲ ( ਠਾਣੇਵਾਲੀ) ਤਹਿਸੀਲ ਚੂਨੀਆਂ, ਜ਼ਿਲ੍ਹਾ ਲਾਹੌਰ ਵਿਚ ਸੀ। ਦੇਸ਼ ਦੀ ਆਜ਼ਾਦੀ ਮੌਕੇ ਉਹ ਕਰੀਬ 26 ਸਾਲ ਦਾ ਸੀ। ਉਸਦੀ ਧੀ ਮੁੰਬਈ ਵਿਚ ਹੈ। ਉਹ ਚਾਹੁੰਦਾ ਹੈ ਕਿ ਉਸ ਦੇ ਜਿਉਂਦੇ ਜੀਅ ਉਸ ਦੇ ਪੋਤਾ-ਪੋਤੀ ਉਡਾਰ ਹੋ ਜਾਣ।
ਪੋਤਾ-ਪੋਤੀ ਨੂੰ ਪਾਲਣ ਲਈ ਵੱਡੀ ਉਮਰੇ ਵੇਚ ਰਿਹੈ ਆਲੂ-ਪਿਆਜ਼
ਭਾਵੁਕ ਹੋਏ ਬਜ਼ੁਰਗ ਨੇ ਦੱਸਿਆ ਕਿ ਉਸ ਦਾ ਜਵਾਨ ਪੁੱਤ ਕਰੀਬ 2 ਸਾਲ ਪਹਿਲਾਂ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਉਸ ਦੇ ਮਾਸੂਮ ਪੋਤਾ-ਪੋਤੀ ਨੂੰ ਛੱਡ ਕੇ ਉਸ ਦੀ ਨੂੰਹ ਪੇਕੇ ਚਲੀ ਗਈ। ਇਸ ਲਈ ਉਹ ਇਸ ਉਮਰੇ ਹੱਡ ਭੰਨਵੀਂ ਮਿਹਨਤ ਕਰ ਰਿਹਾ ਹੈ। ਉਹ ਸਿਰਫ਼ ਆਲੂ ਪਿਆਜ਼ ਹੀ ਵੇਚਦਾ ਹੈ। ਬਜ਼ੁਰਗ ਨੇ ਕਿਹਾ ਕਿ ਭਾਵੇਂ ਉਸਦੀ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ, ਪਰ ਦੂਜਿਆਂ ਦੇ ਅੱਗੇ ਹੱਥ ਅੱਡਣਾ ਜਾਂ ਭੀਖ ਮੰਗਣਾ ਉਸ ਨੂੰ ਚੰਗਾ ਨਹੀਂ ਲੱਗਦਾ। ਉਹ ਹੱਥੀਂ ਕਿਰਤ ਕਰਨ ਨੂੰ ਚੰਗਾ ਸਮਝਦਾ ਹੈ।