ਚਰਨਜੀਤ ਭੁੱਲਰ
ਚੰਡੀਗੜ੍ਹ, 17 ਮਾਰਚ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਦਰਮਿਆਨ ਅੱਜ ਸੁਖਾਵੇਂ ਮਾਹੌਲ ’ਚ ਮੁਲਾਕਾਤ ਹੋਈ ਜਿਸ ਨਾਲ ਨਵਜੋਤ ਸਿੱਧੂ ਦੀ ਮੁੱਖ ਧਾਰਾ ’ਚ ਵਾਪਸੀ ਨੂੰ ਅੰਤਿਮ ਛੋਹ ਮਿਲਣ ਲੱਗੀ ਹੈ। ਕਰੀਬ ਅੱਧਾ ਘੰਟਾ ਚੱਲੀ ਸਮੁੱਚੀ ਮੁਲਾਕਾਤ ’ਚ ਹੋਈ ਗੱਲਬਾਤ ਦਾ ਪੂਰਾ ਭੇਤ ਬਣਿਆ ਹੋਇਆ ਪਰ ਏਨਾ ਸਾਫ਼ ਹੋਣ ਲੱਗਾ ਹੈ ਕਿ ਨਵਜੋਤ ਸਿੱਧੂ ਦੀ ਕੈਬਨਿਟ ’ਚ ਵਾਪਸੀ ਦੀ ਗੱਲ ਮੀਟਿੰਗ ਦਾ ਮੁੱਖ ਕੇਂਦਰ ਬਿੰਦੂ ਰਹੀ। ਦੋਵਾਂ ਨੇਤਾਵਾਂ ਦੀ ਪਹਿਲੀ ਮੁਲਾਕਾਤ 25 ਨਵੰਬਰ ਨੂੰ ਹੋਈ ਸੀ। ਅੱਜ ਕਰੀਬ ਸ਼ਾਮੀਂ ਪੌਣੇ ਪੰਜ ਕੁ ਵਜੇ ਨਵਜੋਤ ਸਿੱਧੂ ਸਿਸਵਾਂ ਫਾਰਮ ਹਾਊਸ ’ਤੇ ਖੇਡ ਮੰਤਰੀ ਰਾਣਾ ਸੋਢੀ ਦੇ ਨਾਲ ਪੁੱਜੇ। ਉੱਥੇ ਨਵਜੋਤ ਸਿੱਧੂ ਅਤੇ ਅਮਰਿੰਦਰ ਸਿੰਘ ਨੇ ਕੌਫੀ ਦਾ ਕੱਪ ਸਾਂਝਾ ਕੀਤਾ ਅਤੇ ਦੋਹਾਂ ਆਗੂਆਂ ਨੇ ਇਕੱਠਿਆਂ ਤਸਵੀਰ ਵੀ ਖਿਚਾਈ। ਮਿਲਣੀ ਮਗਰੋਂ ਨਵਜੋਤ ਸਿੱਧੂ ਮੀਡੀਆ ਨਾਲ ਬਿਨਾਂ ਕੋਈ ਗੱਲ ਕੀਤਿਆਂ ਵਾਪਸ ਚਲੇ ਗਏ। ਸੂਤਰ ਮੁਤਾਬਕ ਮੁੱਖ ਮੰਤਰੀ ਨੇ ਨਵਜੋਤ ਸਿੱਧੂ ਅੱਗੇ ਕੈਬਨਿਟ ਵਜ਼ੀਰ ਵਜੋਂ ਦੋ ਤਿੰਨ ਵਿਭਾਗਾਂ ਦਾ ਬਦਲ ਰੱਖਿਆ ਹੈ। ਸ੍ਰੀ ਸਿੱਧੂ ਨੇ ਮੀਟਿੰਗ ਮਗਰੋਂ ਟਵੀਟ ਕੀਤਾ, ‘ਆਜ਼ਾਦ ਰਹੋ ਵਿਚਾਰੋਂ ਸੇ ਲੇਕਿਨ ਬੰਧੇ ਰਹੇ ਸੰਸਕਾਰੋਂ ਸੇ, ਤਾਂ ਕਿ ਆਸ ਔਰ ਵਿਸਵਾਸ਼ ਰਹੇ ਕਿਰਦਾਰੋਂ ਪੇ।’ ਸੂਤਰਾਂ ਅਨੁਸਾਰ ਨਵਜੋਤ ਸਿੱਧੂ ਨੂੰ ਸ਼ਹਿਰੀ ਵਿਕਾਸ ਵਿਭਾਗ ਅਤੇ ਬਿਜਲੀ ਮਹਿਕਮੇ ਤੋਂ ਇਲਾਵਾ ਸੈਰ ਸਪਾਟਾ ਵਿਭਾਗ ਦੀ ਪੇਸ਼ਕਸ਼ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਂਡ ਨੂੰ ਪਹਿਲਾਂ ਹੀ ਭਰੋਸੇ ਵਿੱਚ ਲਿਆ ਹੋਇਆ ਹੈ। ਆਉਂਦੇ ਦਿਨਾਂ ’ਚ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਦਰਮਿਆਨ ਹੋਰ ਮੀਟਿੰਗ ਹੋਣ ਦੀ ਵੀ ਸੰਭਾਵਨਾ ਹੈ। ਅੱਜ ਦੀ ਮੀਟਿੰਗ ’ਚ ਅੰਤਿਮ ਛੋਹਾਂ ਵਾਲਾ ਖਾਕਾ ਉਲੀਕਿਆ ਗਿਆ ਹੈ ਜਿਸ ਨੂੰ ਅਮਲੀ ਰੂਪ ਦੇਣ ਲਈ ਹਾਲੇ ਗੱਲਬਾਤ ਚੱਲਣ ਦੇ ਆਸਾਰ ਜਾਪਦੇ ਹਨ ਪਰ ਨਵਜੋਤ ਸਿੱਧੂ ਦੀ ਵਾਪਸੀ ਦਾ ਮਾਮਲਾ ਹੁਣ ਬਹੁਤਾ ਨਹੀਂ ਲਟਕੇਗਾ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨਵੀਨ ਠੁਕਰਾਲ ਨੇ ਅਮਰਿੰਦਰ ਤੇ ਨਵਜੋਤ ਸਿੱਧੂ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ, ‘ਏਹ ਤਸਵੀਰ ਹੀ ਹਜ਼ਾਰ ਸ਼ਬਦ ਬਿਆਨ ਕਰਦੀ ਹੈ।’ ਤਸਵੀਰ ਵਿੱਚ ਦੋਵੇਂ ਨੇਤਾ ਖੁਸ਼ ਨਜ਼ਰ ਆ ਰਹੇ ਹਨ ਅਤੇ ਮੁੱਖ ਮੰਤਰੀ ਨੇ ਨਵਜੋਤ ਸਿੱਧੂ ਦੇ ਮੋਢੇ ’ਤੇ ਹੱਥ ਰੱਖਿਆ ਹੋਇਆ ਹੈ। ਇੱਕ ਸਿਆਸੀ ਆਗੂ ਨੇ ਕਿਹਾ ਕਿ ਮੋਢੇ ’ਤੇ ਤਾਂ ਹੱਥ ਰੱਖ ਦਿੱਤਾ ਹੈ ਪਰ ਨਵਜੋਤ ਸਿੱਧੂ ਦੇ ਸਿਰ ’ਤੇ ਹੱਥ ਰੱਖਿਆ ਜਾਣਾ ਬਾਕੀ ਹੈ। ਅੱਜ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਵੀ ਇਸ ਮਿਲਣੀ ਤੋਂ ਪਹਿਲਾਂ ਕਿਹਾ, ‘ਨਵਜੋਤ ਸਿੱਧੂ ਨੇ ਪੰਜਾਬ ਅਤੇ ਲੋਕਾਂ ਲਈ ਵੱਡੀ ਕੁਰਬਾਨੀ ਕੀਤੀ ਹੈ ਅਤੇ ਜਿਸ ਅਹੁਦੇ ਨਾਲ ਬਿਹਤਰ ਭਲਾਈ ਕੀਤੀ ਜਾ ਸਕਦੀ ਹੈ, ਉਹ ਅਹੁਦਾ ਸਵੀਕਾਰ ਹੋ ਸਕਦਾ ਹੈ।’