ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਨਵੰਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਨੂੰ ਪੰਜਾਬ ਸਰਕਾਰ ਇੱਕ-ਇੱਕ ਕਰਕੇ ਸਰਕਾਰੀ ਅਹੁਦਿਆਂ ਤੋਂ ਲਾਂਭੇ ਕਰ ਰਹੀ ਹੈ। ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਅਤੇ ਮੇਅਰ ਸੰਜੀਵ ਬਿੱਟੂ ਮਗਰੋਂ ਅੱਜ ਕੈਪਟਨ ਦੇ ਦੋ ਹੋਰ ਸਮਰਥਕਾਂ ਕੋਲ਼ੋਂ ਅਹਿਮ ਅਹੁਦੇ ਖੋਹ ਲਏ ਗਏ। ਸਰਕਾਰ ਦੀ ਤਾਜ਼ਾ ਕਾਰਵਾਈ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਆਰਪੀ ਪਾਂਡਵ ਤੇ ਸੰਜੀਵ ਸ਼ਰਮਾ ਸ਼ਾਮਲ ਹੈ। ਸ੍ਰੀ ਪਾਂਡਵ ਸ਼ਾਹੀ ਪਰਿਵਾਰ ਦੇ ਬਹੁਤ ਕਰੀਬੀ ਹਨ। ਉਹ ਪਹਿਲਾਂ ਪਾਵਰਕੌਮ ਵਿੱਚ ਹੀ ਉੱਚ ਅਧਿਕਾਰੀ ਵਜੋਂ ਕਾਰਜਸ਼ੀਲ ਰਹੇ ਹਨ ਪਰ ਸੇਵਾਮੁਕਤੀ ਮਗਰੋਂ ਕੈਪਟਨ ਸਰਕਾਰ ਨੇ ਉਨ੍ਹਾਂ ਨੂੰ ਪਾਵਰਕੌਮ ਦਾ ਪ੍ਰਬੰਧਕੀ ਡਾਇਰੈਕਟਰ ਲਾ ਦਿਤਾ ਸੀ ਪਰ ਅੱਜ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਕੇ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਫਰਜ਼ੰਦ ਗਗਨਦੀਪ ਸਿੰਘ (ਜੌਲੀ ਜਲਾਲਪੁਰ) ਨੂੰ ਪਾਵਰਕੌਮ ਦਾ ਪ੍ਰਬੰਧਕੀ ਡਾਇਰੈਕਟਰ ਲਾ ਦਿਤਾ ਹੈ। ਜੌਲੀ ਜਲਾਲਪੁਰ ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਮੈਂਬਰ ਵੀ ਹਨ। ਸ੍ਰੀ ਪਾਂਡਵ ਨੇ ਇਸ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ (ਟਰਾਂਸਕੋ) ਦੇ ਪ੍ਰਬੰਧਕੀ ਡਾਇਰੈਕਟਰ ਸੰਜੀਵ ਸ਼ਰਮਾ ਨੂੰ ਵੀ ਹਟਾ ਦਿੱਤਾ ਗਿਆ ਹੈ। ਉਹ ਵੀ ਕੈਪਟਨ ਸਮਰਥਕ ਹਨ, ਜਿਨ੍ਹਾਂ ਦੀ ਥਾਂ ਜਦਕਿ ਸੀਨੀਅਰ ਕਾਂਗਰਸ ਆਗੂ ਅਮਰੀਕ ਸਿੰਘ ਢਿੱਲੋਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਨੂੰ ਤਾਇਨਾਤ ਕੀਤਾ ਗਿਆ ਹੈ। ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਕਰੀਬੀ ਹਨ। ਇਸੇ ਤੋਂ ਬਾਅਦ ਜਲਦੀ ਹੀ ਕੈਪਟਨ ਖੇਮੇ ਦੇ ਕੁਝ ਹੋਰ ਵਿਅਕਤੀਆਂ ਨੂੰ ਵੀ ਸਰਕਾਰੀ ਅਹੁਦੇ ਤੋਂ ਲਾਂਭੇ ਕਰਨ ਦੀ ਤਿਆਰੀ ਹੈ।