ਚੰਡੀਗੜ੍ਹ, 11 ਮਾਰਚ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਸੱਤਾ ਵਿਰੋਧੀ ਲਹਿਰ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਪਾਰਟੀ ਲੀਡਰਸ਼ਿਪ ਕਦੇ ਨਹੀਂ ਸਿੱਖੇਗੀ। ਉਨ੍ਹਾਂ ਕਾਂਗਰਸ ਪਾਰਟੀ ਨੂੰ ਸਵਾਲ ਕੀਤਾ ਕਿ ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਪਾਰਟੀ ਦੀ ਹਾਰ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਟਵੀਟ ਕੀਤਾ, ‘ਕਾਂਗਰਸ ਲੀਡਰਸ਼ਿਪ ਕਦੇ ਨਹੀਂ ਸਿੱਖੇਗੀ। ਉੱਤਰ ਪ੍ਰਦੇਸ਼ ‘ਚ ਕਾਂਗਰਸ ਦੀ ਸ਼ਰਮਨਾਕ ਹਾਰ ਲਈ ਕੌਣ ਜ਼ਿੰਮੇਵਾਰ? ਮਨੀਪੁਰ, ਗੋਆ, ਉੱਤਰਾਖੰਡ ਬਾਰੇ ਕੀ? ਜਵਾਬ ਬਹੁਤ ਸਪੱਸ਼ਟ ਹੈ ਪਰ ਹਮੇਸ਼ਾ ਦੀ ਤਰ੍ਹਾਂ ਮੈਨੂੰ ਲਗਦਾ ਹੈ ਕਿ ਉਹ ਇਸ ਨੂੰ ਸਮਝਣ ਤੋਂ ਬਚਣਗੇ।’ ਸਾਬਕਾ ਮੁੱਖ ਮੰਤਰੀ ਦੀ ਇਹ ਟਿੱਪਣੀ ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਦੇ ਬਿਆਨ ਤੋਂ ਇੱਕ ਦਿਨ ਬਾਅਦ ਆਈ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਭਾਵੇਂ ਪਾਰਟੀ ਨੇ ਇੱਕ ਨਿਮਰ, ਸਾਫ਼-ਸੁਥਰੀ ਅਤੇ ਜ਼ਮੀਨੀ ਪੱਧਰ ਦੀ ਲੀਡਰਸ਼ਿਪ ਲਿਆਂਦੀ ਪਰ ਇਹ ਅਮਰਿੰਦਰ ਸਿੰਘ ਸਰਕਾਰ ਦੀ 4.5 ਸਾਲਾਂ ਦੀ ਸੱਤਾ ਵਿਰੋਧੀ ਲਹਿਰ ਦਾ ਅਸਰ ਖਤਮ ਨਹੀਂ ਕਰ ਸੀ ਤੇ ਲੋਕਾਂ ਨੇ ਬਦਲਾਅ ਲਈ ਵੋਟ ਦਿੱਤੀ।