ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਜਨਵਰੀ
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਚਾਰ ਮਹੀਨਿਆਂ ਮਗਰੋਂ ਵੀ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਕੈਪਟਨ ਦਾ ਪ੍ਰਚਾਰ ਕਰ ਰਿਹਾ ਹੈ। ਦਰਅਸਲ, ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤਾਂ ਨੂੰ ਲੋੜੀਂਦੀਆਂ ਦਵਾਈਆਂ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਇੱੱਕ ਕਿੱਟ ਤਿਆਰ ਕੀਤੀ ਗਈ ਸੀ। ‘ਫਤਹਿ ਕਿੱਟ’ ਦੇ ਬੈਨਰ ਹੇਠਲੀ ਇਸ ਕਿੱਟ ਅਧੀਨ ਲੋੜੀਂਦੀਆਂ ਦਵਾਈਆਂ ਗੱਤੇ ਦੇ ਜਿਸ ਡੱਬੇ ’ਚ ਪਾਈਆਂ ਗਈਆਂ ਹਨ, ਉਸ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾਈ ਗਈ ਸੀ
ਪੰਜਾਬ ਵਿੱਚ ਕਰੋਨਾ ਦੇ ਮੁੜ ਪੈਰ ਪਸਾਰਨ ਮਗਰੋਂ ਨਵੇਂ ਮਰੀਜ਼ਾਂ ਨੂੰ ਵੀ ਕੈਪਟਨ ਦੀ ਫੋਟੋ ਵਾਲੀ ‘ਫਤਹਿ ਕਿੱਟ’ ਦਿੱਤੀ ਜਾ ਰਹੀ ਹੈ। ਬਹੁਤੇ ਜ਼ਿਲ੍ਹਿਆਂ ਵਿੱਚ ਅਜੇ ਵੀ ਇਨ੍ਹਾਂ ਕਿੱਟਾਂ ਨਾਲ ਸਿਹਤ ਵਿਭਾਗ ਦੇ ਸਟੋਰ ਭਰੇ ਪਏ ਹਨ। ਇਸ ਕਾਰਵਾਈ ਨੂੰ ਸਿਹਤ ਵਿਭਾਗ ਦੀ ਵੱਡੀ ਅਣਗਹਿਲੀ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਹੁਣ ਸਰਕਾਰ ਨਾਲ ਸਿੱਧੇ ਤੌਰ ’ਤੇ ਕੋਈ ਵੀ ਸਬੰਧ ਨਹੀਂ ਹੈ। ਅੱਜ ਚੋਣ ਜ਼ਾਬਤਾ ਲੱੱਗਣ ਦੇ ਬਾਵਜੂਦ ਫਤਹਿ ਕਿੱਟਾਂ ਦੀ ਵੰਡ ਜਾਰੀ ਰਹੀ।
ਜਲਦੀ ਉਤਾਰਾਂਗੇ ਤਸਵੀਰ: ਡਾਇਰੈਕਟਰ
ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਵਾਲੀਆਂ ਕਿੱਟਾਂ ਅਜੇ ਵੀ ਵਧੇਰੇ ਗਿਣਤੀ ਵਿੱਚ ਮੌਜੂਦ ਹੋਣ ਦੀ ਗੱਲ ਸਵੀਕਾਰਦਿਆਂ ਸਿਹਤ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਜੀ.ਬੀ ਨੇ ਕਿਹਾ ਕਿ ਇਨ੍ਹਾਂ ਕਿੱਟਾਂ ਤੋਂ ਤਸਵੀਰ ਜਲਦੀ ਹੀ ਹਟਾਈ ਜਾ ਰਹੀ ਹੈ।
ਵਿਧਾਇਕਾਂ ਵੱਲੋਂ ਜਾਂਚ ਦੀ ਮੰਗ
ਘਨੌਰ ਦੇ ਵਿਧਾਇਕ ਮਦਨ ਲਾਲ ਜਾਲਾਲਪੁਰ ਅਤੇ ਸਮਾਣਾ ਦੇ ਵਿਧਾਇਕ ਕਾਕਾ ਰਾਜਿੰਦਰ ਸਿੰਘ ਨੇ ਮਾਮਲਾ ਧਿਆਨ ਵਿੱਚ ਲਿਆਏ ਜਾਣ ’ਤੇ ਇਹ ਤਸਵੀਰਾਂ ਫੌਰੀ ਹਟਾਏ ਜਾਣ ’ਤੇ ਜ਼ੋਰ ਦਿੱਤਾ। ਦੋਵਾਂ ਵਿਧਾਇਕਾਂ ਨੇ ਕਿਹਾ ਕਿ ਜਿਹੜੇ ਵਿਅਕਤੀ ਦੀ ਲੋਕ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੇ, ਉਸ ਦੀ ਫੋਟੋ ਇੱਕ ਸਰਕਾਰੀ ਅਦਾਰੇ ਵੱਲੋਂ ਘਰ-ਘਰ ਪਹੁੰਚਾਉਣ ਵਾਲਾ ਇਹ ਗੰਭੀਰ ਮਾਮਲਾ ਹੈ। ਉਨ੍ਹਾਂ ਸਰਕਾਰ ਤੋਂ ਇਸ ਅਣਗਹਿਲੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸੇ ਤਰ੍ਹਾਂ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ, ਸ਼੍ਰੋੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸੁਰਜੀਤ ਸਿੰਘ ਗੜ੍ਹੀ, ਬਿੱਟੂ ਚੱਠਾ, ਬਸਪਾ ਦੇ ਜਨਰਲ ਸਕੱਤਰ ਬਲਦੇਵ ਸਿੰਘ ਮਹਿਰਾ, ‘ਆਪ’ ਦੇ ਸਨੌਰ ਤੋਂ ਉਮੀਦਵਾਰ ਹਰਮੀਤ ਪਠਾਣਮਾਜਰਾ, ਇੰਦਰਜੀਤ ਸੰਧੂ ਨੇ ਵੀ ਇਸ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।