ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਜੁਲਾਈ
ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ਤਰਾਣਾ ਦੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਨੇ ਅੱਜ ਨਵਜੋਤ ਸਿੱਧੂ ਦੇ ਨਾਲ ਉਨ੍ਹਾਂ ਦੀ ਪਟਿਆਲਾ ਸਥਿਤ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਪਟਿਆਲਾ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ ਵਿੱਚੋਂ ਸਿੱਧੂ ਨੂੰ ਮਿਲਣ ਵਾਲੇ ਨਿਰਮਲ ਸਿੰਘ ਪਲੇਠੇ ਵਿਧਾਇਕ ਹਨ। ਨਿਰਮਲ ਸਿੰਘ ਸ਼ੁਤਰਾਣਾ ਹਲਕੇ ਤੋਂ ਤੀਜੀ ਵਾਰ ਵਿਧਾਇਕ ਹਨ। ਉਂਝ ਪਟਿਆਲਾ ਜ਼ਿਲ੍ਹੇ ਦੇ ਕੁੱਲ ਅੱਠ ਹਲਕਿਆਂ ਵਿੱਚੋਂ ਸੱਤ ‘ਤੇ ਕਾਂਗਰਸ ਦੇ ਵਿਧਾਇਕ ਹਨ। ਇਨ੍ਹਾਂ ਵਿਚੋਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ, ਉੱਥੇ ਨਾਭਾ ਦੇ ਵਿਧਾਇਕ ਸਾਧੂ ਸਿੰਘ ਧਰਮਸੋਤ ਅਤੇ ਪਟਿਆਲਾ ਦਿਹਾਤੀ ਦੇ ਵਿਧਾਇਕ ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ ਹਨ, ਜਦ ਕਿ ਪਟਿਆਲਾ ਜ਼ਿਲ੍ਹੇ ਦੇ ਬਾਕੀ ਕਾਂਗਰਸੀ ਵਿਧਾਇਕਾਂ ਵਿੱਚ ਰਾਜਪੁਰਾ ਤੋਂ ਹਰਦਿਆਲ ਕੰਬੋਜ, ਘਨੌਰ ਤੋਂ ਮਦਨ ਲਾਲ ਜਲਾਲਪੁਰ ਅਤੇ ਸਮਾਣਾ ਤੋਂ ਟਕਸਾਲੀ ਨੇਤਾ ਲਾਲ ਸਿੰਘ ਦੇ ਫਰਜ਼ੰਦ ਕਾਕਾ ਰਜਿੰਦਰ ਸਿੰਘ ਦੇ ਨਾਂ ਸ਼ਾਮਲ ਹਨ। ਸਨੌਰ ਤੋਂ ਹੈਰੀਮਾਨ ਕਾਂਗਰਸ ਦੇ ਹਲਕਾ ਇੰਚਾਰਜ ਹਨ ਪਰ ਉਨ੍ਹਾਂ ਦਾ ਨਾਮ ਵੀ ਸਿੱਧੂ ਨੂੰ ਨਾ ਮਿਲਣ ਵਾਲਿਆਂ ਦੀ ਸੂਚੀ ‘ਚ ਸ਼ਾਮਲ ਹੈ, ਕਿਉਂਕਿ ਹੈਰੀਮਾਨ ਸਿੱਧੇ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਦੇ ਨੇੜਲਿਆਂ ਵਿੱਚ ਹਨ। ਕੁਝ ਮਹੀਨੇ ਪਹਿਲਾਂ ਪਟਿਆਲਾ ਦੇ ਚਾਰ ਵਿਧਾਇਕਾਂ ਵੱਲੋਂ ਅਫ਼ਸਰਸ਼ਾਹੀ ਖਾਸ ਕਰਕੇ ਮੁੱਖ ਮੰਤਰੀ ਦੇ ਚੰਡੀਗੜ੍ਹ ਸਥਿਤ ਨਿਵਾਸ ਵਿਚਲੇ ਕੁਝ ਵਿਅਕਤੀਆਂ ਸਮੇਤ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਚਲੇ ਕੁਝ ਵਿਸ਼ੇਸ਼ ਵਿਅਕਤੀਆਂ ਦੀ ਨੁਕਤਾਚੀਨੀ ਵੀ ਕੀਤੀ ਗਈ ਸੀ ਪਰ ਅਜੇ ਤੱਕ ਇਨ੍ਹਾਂ ਚਾਰਾਂ ਵਿਧਾਇਕਾਂ ਵਿੱਚੋਂ ਸਿਰਫ਼ ਨਿਰਮਲ ਸ਼ੁਤਰਾਣਾ ਨੇ ਹੀ ਸਿੱਧੂ ਦੇ ਘਰ ਪਹੁੰਚਣ ਦੀ ਜ਼ੁਰੱਅਤ ਵਿਖਾਈ ਹੈ।
ਇਸੇ ਦੌਰਾਨ ਫੋਨ ‘ਤੇ ਹੋਈ ਗੱਲਬਾਤ ਦੌਰਾਨ ਵਿਧਾਇਕ ਨਿਰਮਲ ਸਿੰਘ ਸ਼ਤਰਾਣਾ ਨੇ ਸਪੱਸ਼ਟ ਕੀਤਾ ਕਿ ਨਵਜੋਤ ਸਿੱਧੂ ਹੀ ਕਾਂਗਰਸ ਦੇ ਅਗਲੇ ਪ੍ਰਧਾਨ ਹੋਣੇ ਚਾਹੀਦੇ ਹਨ। ਨਵਜੋਤ ਸਿੱਧੂ ਨੂੰ ਹਰ ਪੱਖ ਤੋਂ ਪ੍ਰਧਾਨਗੀ ਦੇ ਕਾਬਲ ਦੱਸਦਿਆ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਬਣਾਏ ਜਾਣ ਨਾਲ ਕਾਂਗਰਸ ਵਿੱਚ ਨਵੀਂ ਰੂਹ ਫੂਕੀ ਜਾਵੇਗੀ ਤੇ ਕਾਂਗਰਸ ਦਾ ਮੁੜ ਸੱਤਾ ‘ਚ ਆਉਆ ਯਕੀਨੀ ਹੋ ਜਾਵੇਗਾ।ਇਸ ਦੌਰਾਨ ਨਵਜੋਤ ਸਿੰਘ ਸਿੱਧੂ ਅੱਜ ਆਪਣੇ ਕੁੱਝ ਕਾਂਗਰਸੀ ਆਗੂ ਸਾਥੀਆਂ ਸਮੇਤ ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਸਨੌਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਜਲਾਲਪੁਰ ਸਥਿਤ ਰਿਹਾਇਸ਼ ’ਤੇ ਪੁੱਜੇ ਹਨ। ਇਸ ਦੌਰਾਨ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਈ ਹੋਰ ਕਾਂਗਰਸ ਆਗੂ ਵੀ ਸ੍ਰੀ ਸਿੱਧੂ ਦੇ ਨਾਲ ਮੌਜੂਦ ਸਨ। ਪਹਿਲਾਂ ਤੋਂ ਹੀ ਉਲੀਕੇ ਗਏ ਇਸ ਪ੍ਰੋਗਰਾਮ ਤਹਿਤ ਜਲਾਲਪੁਰ ਦੀ ਅਗਵਾਈ ਹੇਠਾਂ ਉਨ੍ਹਾਂ ਦੇ ਘਰ ਇਕੱਤਰ ਹੋਏ ਹਲਕਾ ਘਨੌਰ ਦੇ ਵੱਡੀ ਗਿਣਤੀ ਕਾਂਗਰਸੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਦਾ ਭਰਵਾਂ ਸਵਾਗਤ ਕੀਤਾ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਲਾਲਪੁਰ ਸਮੇਤ ਉਨ੍ਹਾਂ ਦੇ ਸਾਥੀ ਸਮੂਹ ਕਾਂਗਰਸੀ ਆਗੂਆਂ ਨੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀ ਖੁੱਲ੍ਹੇਆਮ ਵਕਾਲਤ ਕੀਤੀ ਨਵਜੋਤ ਸਿੰਘ ਸਿੱਧੂ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਕਿਸੇ ਕਾਂਗਰਸੀ ਵਿਧਾਇਕ ਦੇ ਘਰ ਖ਼ੁਦ ਚੱਲ ਕੇ ਜਾਣ ਦੀ ਇਹ ਪਲੇਠੀ ਕਾਰਵਾਈ ਹੈ। ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰੋਂ ਵਾਪਸੀ ਮੌਕੇ ਵਰਕਰਾਂ ਵਿੱਚ ਨਵਜੋਤ ਸਿੰਘ ਸਿੱਧੂ ਪ੍ਰਤੀ ਇੰਨਾ ਉਤਸ਼ਾਹ ਸੀ ਕਿ ਕਈਆਂ ਦੀਆਂ ਪੱਗਾਂ ਲਹਿ ਗਈਆਂ ਤੇ ਕਈ ਇੱਕ-ਦੂਜੇ ਦੇ ਹੇਠਾਂ ਦੱਬ ਗਏ। ਕਈਆਂ ਦੇ ਮੋਬਾਈਲ ਫੋਨ ਡਿੱਗ ਪਏ। ਜਲਾਲਪੁਰ ਦੀ ਕੋਠੀ ਵਿਚਲੇ ਦੋ ਦਰਜਨ ਗਮਲੇ ਵੀ ਟੁੱਟ ਗਏ।ਇਸ ਮੌਕੇ ਵਿਧਾਇਕ ਨਿਰਮਲ ਸ਼ੁਤਰਾਣਾ, ਦਰਸ਼ਨ ਬਰਾੜ ਤੇ ਵਰਿੰਦਰਜੀਤ ਪਾਹੜਾ, ਕਾਂਗਰਸ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਗੁਰਦੀਪ ਸਿੰਘ ਊਟਸਰ, ਬਲਜੀਤ ਸਿੰਘ ਗਿੱਲ, ਨਰਪਿੰਦਰ ਭਿੰਦਾ,ਜਗਰੂਪ ਸਿੰਘ ਹੈਪੀ, ਨਰਿੰਦਰਪਾਲ ਸਿੰਘ, ਅਮਰੀਕ ਸਿੰਘ, ਸਤਨਾਮ ਸਿੰਘ ਸੱਤਾ,ਗੁਰਬੰਤ ਸਿੰਘ ਗਿੱਲ,ਹਰਜਿੰਦਰ ਸਿੰਘ ਸਰਪੰਚ, ਭੁਪਿੰਦਰ ਕੌਰ ਖਾਨਪੁਰ, ਹਰਵਿੰਦਰ ਕਾਮੀਕਲਾ, ਡਿੰਪਲ ਚਪੜ, ਬਲਰਾਜ ਨਸ਼ਹਿਰਾ, ਅੱਛਰ ਸਿੰਘ ਭੇਡਵਾਲ, ਗੁਰਨਾਮ ਭੂਰੀਮਾਜਰਾ, ਹਰਦੀਪ ਸਿੰਘ ਲਾਡਾ ਵੀ ਹਾਜ਼ਰ ਸਨ।