ਗਗਨਦੀਪ ਅਰੋੜਾ
ਲੁਧਿਆਣਾ, 27 ਸਤੰਬਰ
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਦਿਆਂ ਹੀ ਕਾਂਗਰਸੀ ਆਗੂਆਂ ਵੱਲੋਂ ਇਲਾਕੇ ਵਿੱਚ ਲਾਏ ਜਾਣ ਵਾਲੇ ਬੋਰਡਾਂ ਤੋਂ ਵੀ ਕੈਪਟਨ ਦੀ ਤਸਵੀਰ ਗਾਇਬ ਹੋਣ ਲੱਗੀ ਹੈ। ਇਸੇ ਤਰ੍ਹਾਂ ਪਿਛਲੇ ਸਾਢੇ ਚਾਰ ਸਾਲ ਦੌਰਾਨ ਕੈਪਟਨ ਦੇ ਖਾਸ ਮੰਨੇ ਜਾਣ ਵਾਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜਿਵੇਂ ਹੀ ਦੁਬਾਰਾ ਮੰਤਰੀ ਦੀ ਕੁਰਸੀ ਮਿਲੀ ਤਾਂ ਉਨ੍ਹਾਂ ਨੇ ਵੀ ਹਾਲਾਤ ਦੇਖਦਿਆਂ ਬੋਰਡਾਂ ’ਤੇ ਕੈਪਟਨ ਦੀ ਫੋਟੋ ਨਾ ਲਾਉਣਾ ਠੀਕ ਸਮਝਿਆ। ਲੁਧਿਆਣਾ ਦੀਆਂ ਸੜਕਾਂ ’ਤੇ ਮੰਤਰੀ ਆਸ਼ੂ ਨੂੰ ਵਧਾਈਆਂ ਦੇਣ ਵਾਲੇ ਸੈਂਕੜੇ ਵੱਡੇ-ਵੱਡੇ ਬੋਰਡ ਲੱਗੇ ਹਨ ਪਰ ਉਨ੍ਹਾਂ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਨਹੀਂ ਲਾਈ ਗਈ। ਨਵੇਂ ਬੋਰਡਾਂ ’ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਓਪੀ ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ।
ਕੈਪਟਨ ਨੂੰ ਇੰਜ ਜ਼ਲੀਲ ਕਰਨਾ ਠੀਕ ਨਹੀਂ: ਮਹੇਸ਼ਇੰਦਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੀ 22 ਸਾਲ ਤੱਕ ਅਗਵਾਈ ਕੀਤੀ ਹੈ ਅਤੇ ਸਾਢੇ ਨੌਂ ਸਾਲ ਤੱਕ ਮੁੱਖ ਮੰਤਰੀ ਰਹੇ ਹਨ। ਕੈਪਟਨ ਦੀ ਪਾਰਟੀ ਵੱਲੋਂ ਉਨ੍ਹਾਂ ਨੂੰ ਇਸ ਤਰ੍ਹਾਂ ਜ਼ਲੀਲ ਕਰਨਾ ਠੀਕ ਨਹੀਂ।