ਰੂਪਨਗਰ (ਪੱਤਰ ਪ੍ਰੇਰਕ): ਥਾਣਾ ਸਿੰਘ ਭਗਵੰਤਪੁਰ ਪੁਲੀਸ ਵੱਲੋਂ ਇੱਕ ਅੰਗਹੀਣ ਵਿਅਕਤੀ ਨੂੰ 14 ਗਰਾਮ ਨਸ਼ੀਲੇ ਪਾਊਡਰ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਸਿੰਘ ਭਗਵੰਤਪੁਰ ਦੇ ਜਾਂਚ ਅਧਿਕਾਰੀ ਥਾਣੇਦਾਰ ਸੁਭਾਸ਼ ਚੰਦਰ ਨੇ ਦੱਸਿਆ ਕਿ ਬੀਤੇ ਦਿਨ ਖਾਬੜਾ ਤੋਂ ਸੋਲਖੀਆਂ ਵੱਲ ਜਾ ਰਿਹਾ ਇੱਕ ਅੰਗਹੀਣ ਵਿਅਕਤੀ ਵੈਸਾਖੀਆਂ ਸਹਾਰੇ ਤੁਰਿਆ ਜਾ ਰਿਹਾ ਸੀ। ਪੁਲੀਸ ਪਾਰਟੀ ਨੂੰ ਦੇਖ ਕੇ ਉਸ ਨੇ ਆਪਣੀ ਕਮੀਜ਼ ਦੀ ਜੇਬ ਵਿੱਚੋਂ ਕੋਈ ਚੀਜ਼ ਸੜਕ ਕੰਢੇ ਸੁੱਟ ਕੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲੀਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਉਕਤ ਵਿਅਕਤੀ ਵੱਲੋਂ ਸੁੱਟਿਆ ਗਿਆ ਲਿਫਾਫਾ ਚੈੱਕ ਕੀਤਾ ਤਾਂ ਉਸ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲੀਸ ਨੇ ਮੁਲਜ਼ਮ ਦਲਵੀਰ ਸਿੰਘ ਉਰਫ ਦੀਰ ਵਾਸੀ ਸੋਲਖੀਆਂ ਨੂੰ ਕਾਬੂ ਕਰ ਕੇ ਕੇਸ ਦਰਜ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ। ਮੁਲਜ਼ਮ ਦੀ ਕਾਫੀ ਦੇਰ ਪਹਿਲਾਂ ਸੜਕ ਹਾਦਸੇ ’ਚ ਲੱਤ ਕੱਟੀ ਗਈ ਸੀ।