ਹਰਜੀਤ ਸਿੰਘ ਪਰਮਾਰ
ਬਟਾਲਾ, 2 ਜੂਨ
ਵਿਆਹ ਦੀ ਖਰੀਦਦਾਰੀ ਕਰਨ ਤੋਂ ਬਾਅਦ ਘਰ ਨੂੰ ਆ ਰਹੇ ਚਾਰ ਨੌਜਵਾਨਾਂ ਦੀ ਕਾਰ ਰੁੱਖ ਵਿੱਚ ਟਕਰਾਉਣ ਕਾਰਨ ਚਾਰਾਂ ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਦੌਰਾਨ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਇੱਕ ਨੌਜਵਾਨ ਦੀ ਮੌਤ ਅੰਮ੍ਰਿਤਸਰ ਵਿੱਚ ਹੋਈ। ਹਾਦਸਾ ਦੇਰ ਰਾਤ ਪਿੰਡ ਢਿਲਵਾਂ ਦੇ ਨੇੜੇ ਵਾਪਰਿਆ। ਪੁਲੀਸ ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਥਾਣਾ ਕੋਟਲੀ ਸੂਰਤ ਮੱਲ੍ਹੀ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕਾਂ ਦੀ ਉਮਰ 18 ਤੋਂ 20 ਸਾਲ ਦੇ ਕਰੀਬ ਹੈ। ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਗਾਜੀ ਨੰਗਲ ਦੀ ਭੈਣ ਦਾ 3 ਜੂਨ ਨੂੰ ਵਿਆਹ ਹੈ। ਇਸੇ ਸਬੰਧੀ ਜਸ਼ਨਪ੍ਰੀਤ ਸਿੰਘ ਆਪਣੇ ਰਿਸ਼ਤੇਦਾਰ ਨੌਜਵਾਨਾਂ ਗੁਰਜੀਤ ਸਿੰਘ ਵਾਸੀ ਵੱਲ੍ਹਾ, ਲਵਪ੍ਰੀਤ ਸਿੰਘ ਵਾਸੀ ਮਾਨ ਖਹਿਰਾ ਅਤੇ ਦਿਲਪ੍ਰੀਤ ਸਿੰਘ ਵਾਸੀ ਸ਼ਿਕਾਰ ਮਾਛੀਆਂ ਨਾਲ ਕਾਰ ਵਿੱਚ ਸਵਾਰ ਹੋ ਕੇ ਸੋਮਵਾਰ ਦੀ ਰਾਤ ਨੂੰ ਵਿਆਹ ਦੀ ਖਰੀਦਦਾਰੀ ਕਰਕੇ ਘਰ ਵਾਪਸ ਆ ਰਹੇ ਸਨ। ਇਸੇ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਪਿੰਡ ਢਿਲਵਾਂ ਨੇੜੇ ਪਹੁੰਚੀ ਤਾਂ ਅੱਗੇ ਜਾ ਰਹੇ ਮੋਟਰ ਸਾਈਕਲ ਸਵਾਰ ਨੂੰ ਬਚਾਉਂਦਿਆਂ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਕਿਨਾਰੇ ਲੱਗੇ ਰੁੱਖ ਨਾਲ ਜਾ ਟਕਰਾਉਣ ਤੋਂ ਬਾਅਦ ਭੱਠੇ ਵਿੱਚ ਜਾ ਵੜੀ। ਹਾਦਸੇ ਦੌਰਾਨ ਜਸ਼ਨਪ੍ਰੀਤ ਸਿੰਘ, ਲਵਪ੍ਰੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਗੁਰਜੀਤ ਸਿੰਘ ਵਸੀ ਵੱਲ੍ਹਾ ਨੂੰ ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਨੇ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਜਿੱਥੇ ਉਸ ਦੀ ਵੀ ਮੌਤ ਹੋ ਗਈ। ਫਿਲਹਾਲ ਚਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਵਿਖੇ ਚੱਲ ਰਿਹਾ ਹੈ।