ਪਾਲ ਸਿੰਘ ਨੌਲੀ
ਜਲੰਧਰ, 20 ਜੁਲਾਈ
ਸ਼ਹਿਰ ਵਿੱਚ ਅੱਜ ਦਿਨ ਦੀ ਸ਼ੁਰੂਆਤ ਦੋ ਸੜਕ ਹਾਦਸਿਆਂ ਨਾਲ ਹੋਈ। ਪਹਿਲਾ ਹਾਦਸਾ ਜਲੰਧਰ-ਅੰਮਿ੍ਤਸਰ ਸੜਕ ’ਤੇ ਹੋਇਆ ਜਿਥੇ ਇਕ ਕਾਰ ਪਲਟ ਗਈ, ਦੂਜੇ ਹਾਦਸੇ ਵਿੱਚ ਇੱਕ ਐਕਟਿਵਾ ਕੈਂਟਰ ਨਾਲ ਟਕਰਾ ਗਿਆ। ਜਾਣਕਾਰੀ ਅਨੁਸਾਰ ਇੱਥੋਂ ਦੀ ਕਾਲੀਆ ਕਾਲੋਨੀ ਦੇ ਨੇੜੇ ਅੰਮ੍ਰਿਤਸਰ ਵਾਲੇ ਪਾਸਿਓ ਆ ਰਹੀ ਇੱਕ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿੱਚ ਕਾਰ ਚਾਲਕ ਬੈਂਕ ਮੈਨੇਜਰ ਹਰਪ੍ਰੀਤ ਕੌਰ ਵਾਸੀ ਅੰਮ੍ਰਿਤਸਰ ਜ਼ਖ਼ਮੀ ਹੋ ਗਈ। ਉਸ ਪੰਜਾਬ ਐਂਡ ਸਿੰਧ ਬੈਂਕ, ਮਾਡਲ ਟਾਊਨ ਦੀ ਬ੍ਰਾਂਚ ਜਲੰਧਰ ’ਚ ਜਾ ਰਹੀ। ਜਿਵੇਂ ਹੀ ਉਹ ਕਾਲੀਆ ਕਾਲੋਨੀ ਨੇੜੇ ਪੁੱਜੀ ਤਾਂ ਡਰਾਈਵਰ ਸਾਈਡ ਵਾਲਾ ਟਾਇਰ ਅਚਾਨਕ ਫੱਟ ਗਿਆ ਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਤੇ ਸੜਕ ’ਤੇ ਲੱਗੀ ਲੋਹੇ ਦੀ ਰੇਲਿੰਗ ਤੋੜਦੀ ਹੋਈ ਸੜਕ ਦੇ ਵਿਚਕਾਰ ਪਲਟ ਗਈ। ਹਾਦਸੇ ਦੌਰਾਨ ਕਾਰ ਦੇ ਏਅਰ ਬੈਗ ਖੁੱਲ੍ਹਣ ਨਾਲ ਬੈਂਕ ਮੈਨੇਜਰ ਹਰਪ੍ਰੀਤ ਕੌਰ ਦਾ ਬਚਾਅ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆ ਹੀ ਪੁਲੀਸ ਨੇ ਮੌਕੇ `ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਕਾਰ ਲੰਮਾ ਸਮਾਂ ਸੜਕ ਵਿਚਾਲੇ ਹੀ ਪਈ ਰਹੀ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ।
ਦੂਜਾ ਹਾਦਸਾ ਪਠਾਨਕੋਟ ਚੌਂਕ ਵਿੱਚ ਹੋਇਆ ਜਿੱਥੇ ਇੱਕ ਐਕਟਿਵਾ ਕੈਂਟਰ ਵਿੱਚ ਜਾ ਕੇ ਵੱਜੀ। ਐਕਟਿਵਾ ਸਵਾਰ ਮਹਿਲਾ ਨੇ ਫੁਰਤੀ ਦਿਖਾਉਂਦਿਆਂ ਟੱਕਰ ਹੋਣ ਤੋਂ ਪਹਿਲਾਂ ਹੀ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਾਣਕਾਰੀ ਅਨੁਸਾਰ ਕੈਂਟਰ ਦਾ ਅਗਲਾ ਹਿੱਸਾ ਅਚਾਨਕ ਟੁੱਟ ਗਿਆ ਸੀ ਤੇ ਬੇਕਾਬੂ ਹੋ ਗਿਆ ਸੀ ਤੇ ਡਰਾਈਵਰ ਲਗਾਤਾਰ ਰੌਲਾ ਪਾ ਕੇ ਲੋਕਾਂ ਨੂੰ ਪਾਸੇ ਹੋਣ ਲਈ ਕਹਿ ਰਿਹਾ ਸੀ। ਏਨੇ ਨੂੰ ਇੱਕ ਐਕਟਿਵਾ ਸਵਾਰ ਮਹਿਲਾ ਕੈਂਟਰ ਦੇ ਬਿਲਕੁਲ ਨੇੜੇ ਪੁੱਜ ਗਈ ਪਰ ਸਮਾਂ ਰਹਿੰਦੇ ਛਾਲ ਮਾਰਨ ਕਾਰਨ ਉਸ ਦਾ ਬਚਾਅ ਹੋ ਗਿਆ।