ਦਵਿੰਦਰ ਪਾਲ
ਚੰਡੀਗੜ੍ਹ, 4 ਸਤੰਬਰ
ਪੰਜਾਬ ਵਿੱਚੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਵਾਲੇ ਵੱਡੇ ਕਾਫ਼ਲੇ ਅੱਜ ਮੁਜ਼ੱਫਰਨਗਰ ਮਹਾ ਪੰਚਾਇਤ ਲਈ ਰਵਾਨਾ ਹੋਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਵੱਖ ਵੱਖ ਜ਼ਿਲ੍ਹਿਆਂ ਤੋਂ ਕੁੱਲ 80 ਵੱਡੀਆਂ ਬੱਸਾਂ, 22 ਮਿਨੀ ਬੱਸਾਂ ਅਤੇ 21 ਦਰਮਿਆਨੇ-ਛੋਟੇ ਹੋਰ ਵਾਹਨਾਂ ਸਮੇਤ 123 ਗੱਡੀਆਂ ਦੇ ਕਾਫ਼ਲੇ ਰਵਾਨਾ ਕੀਤੇ ਗਏ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਨ੍ਹਾਂ ਕਾਫ਼ਲਿਆਂ ਵਿੱਚ ਕੁੱਲ ਮਿਲਾ ਕੇ 5850 ਕਿਸਾਨ-ਮਜ਼ਦੂਰ ਸ਼ਾਮਲ ਹਨ, ਜਿਨ੍ਹਾਂ ਵਿੱਚ 1050 ਔਰਤਾਂ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਹਨ। ਇਹ ਸਾਰੇ ਕਾਫ਼ਲੇ ਹਰਿਆਣਾ ਦੇ ਸ਼ਹਿਰ ਕੁਰੂਕਸ਼ੇਤਰ ਤੋਂ ਸੂਬਾ ਆਗੂ ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ ਦੀ ਅਗਵਾਈ ਹੇਠ ਮੁਜ਼ੱਫਰਨਗਰ ਵੱਲ ਕੂਚ ਕਰਨਗੇ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਨੇਤਾਵਾਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਟੌਲ ਪਲਾਜ਼ਿਆਂ, ਅੰਬਾਨੀ ਅਤੇ ਅਡਾਨੀ ਟਿਕਾਣਿਆਂ ਅਤੇ ਪੈਟਰੋਲ ਪੰਪਾਂ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਦੌਰਾਨ ਬੁਲਾਰਿਆਂ ਨੇ ਸਿਆਸੀ ਪਾਰਟੀਆਂ ਨੂੰ ਕੁਰਸੀ ਦੇ ਲਾਲਚ ’ਚ ਗੁੰਮਰਾਹਕੁਨ ਪ੍ਰਚਾਰ ਕਰਨ ਖ਼ਿਲਾਫ਼ ਚਿਤਾਵਨੀ ਵੀ ਦਿੱਤੀ ਹੈ।
ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਮੰਗ
ਆਗੂਆਂ ਨੇ ਕਿਹਾ ਕਿ ਹਰਿਆਣਾ ਵਿੱਚ 2500 ਅਤੇ ਮੋਗਾ ਵਿੱਚ 200 ਕਿਸਾਨਾਂ ਵਿਰੁੱਧ ਪੁਲੀਸ ਕੇਸ ਦਰਜ ਕੀਤੇ ਗਏ ਹਨ। ਆਗੂਆਂ ਨੇ ਮੰਗ ਕੀਤੀ ਕਿ ਇਹ ਕੇਸ ਤੁਰੰਤ ਰੱਦ ਕੀਤੇ ਜਾਣ ਤੇ ਦੋਸ਼ੀ ਪੁਲੀਸ ਤੇ ਸਿਵਲ ਅਧਿਕਾਰੀਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ 7 ਸਤੰਬਰ ਨੂੰ ਕਰਨਾਲ ਸਿਵਲ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ ਅਤੇ ਮੋਗਾ ਵਿੱਚ ਦਰਜ ਕੇਸਾਂ ਬਾਰੇ ਵੱਖਰਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਟਿਕਰੀ ਮੋਰਚੇ ਤੋਂ ਵੀ ਕਿਸਾਨ ਰੈਲੀ ’ਚ ਹੋਣਗੇ ਸ਼ਾਮਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ਬੀਕੇਯੂ ਏਕਤਾ (ਉਗਰਾਹਾਂ) ਦੀ ਸਟੇਜ ਤੋਂ ਸੂਬਾ ਆਗੂ ਰੂਪ ਸਿੰਘ ਛੰਨਾ ਤੇ ਸੰਗਰੂਰ ਜ਼ਿਲ੍ਹੇ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਭਲਕੇ 5 ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਹੋਣ ਵਾਲੀ ਮਹਾਰੈਲੀ ਵਿੱਚ ਭਾਰਤ ਦੇ 22 ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਕਿਹਾ ਕਿ ਟਿਕਰੀ ਮੋਰਚੇ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਮੁਜ਼ੱਫਰਨਗਰ ਮਹਾਰੈਲੀ ਵਿੱਚ ਸ਼ਿਰਕਤ ਕਰਨਗੇ।