ਨਿੱਜੀ ਪੱਤਰ ਪ੍ਰੇਰਕ/ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਮਈ
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਆਲ ਇੰਡੀਆ ਕਾਂਗਰਸ ਕਿਸਾਨ ਮੋਰਚਾ ਦੇ ਸਾਬਕਾ ਕੌਮੀ ਜੁਆਇੰਟ ਕਨਵੀਨਰ ਗੁਰਸਿਮਰਨ ਸਿੰਘ ਮੰਡ ਖ਼ਿਲਾਫ਼ ਸਿੱਖ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 25 ਦਸੰਬਰ 2018 ਨੂੰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁੱਗਰੀ ਨੇ ਸਲੇਮ ਟਾਬਰੀ ਦੇ ਇੱਕ ਪਾਰਕ ਵਿੱਚ ਲੱਗੇ ਰਾਜੀਵ ਗਾਂਧੀ ਦੇ ਬੁੱਤ ’ਤੇ ਕਾਲੀ ਸਿਆਹੀ ਪਾ ਦਿੱਤੀ ਸੀ।
ਇਸ ਮਗਰੋਂ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਦਸਤਾਰ ਲਾਹ ਕੇ ਬੁੱਤ ਸਾਫ਼ ਕੀਤਾ ਸੀ। ਇਸ ਸਬੰਧੀ ਅਰਬਨ ਸਟੇਟ ਦੁੱਗਰੀ ਵਾਸੀ ਮਨਮੀਤ ਸਿੰਘ ਅਤੇ ਕਰਵਰਪਾਲ ਸਿੰਘ ਨੇ 12 ਜੁਲਾਈ 2021 ਨੂੰ ਪੁਲੀਸ ਕਮਿਸ਼ਨਰ ਕੋਲ ਗੁਰਸਿਮਰਨ ਸਿੰਘ ਮੰਡ ਖ਼ਿਲਾਫ਼ ਸਿੱਖ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕਾਰਵਾਈ ਕਰਨ ਲਈ ਇਕ ਦਰਖਾਸਤ ਦਿੱਤੀ ਸੀ ਤੇ ਇਹ ਵੀ ਦੋਸ਼ ਲਾਇਆ ਸੀ ਕਿ ਮੰਡ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਰਾਜੀਵ ਗਾਂਧੀ ਦਾ ਦਰਜਾ ਗੁਰੂ ਨਾਨਕ ਦੇਵ ਤੋਂ ਉੱਪਰ ਦੱਸਿਆ ਸੀ। ਪੁਲੀਸ ਵੱਲੋਂ ਦਸ ਮਹੀਨਿਆਂ ਦੀ ਤਫਤੀਸ਼ ਮਗਰੋਂ ਅੱਜ ਥਾਣਾ ਸਲੇਮ ਟਾਬਰੀ ਵਿੱਚ ਮੰਡ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਇੰਸਪੈਕਟਰ ਗਗਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮੰਡ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।