ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਸਤੰਬਰ
ਖੇਤੀ ਆਰਡੀਨੈਂਸਾਂ ਖਿਲਾਫ਼ ਕਿਸਾਨ ਅੰਦੋਲਨ ਭਖ਼ ਗਿਆ ਹੈ। ਹਰੀਕੇ ਹੈੱਡ ਉੱਤੇ ਕੌਮੀ ਸ਼ਾਹ ਮਾਰਗ 54 ਅੰਮ੍ਰਿਤਸਰ-ਰਾਜਸਥਾਨ ਮਾਰਗ ਬੰਗਾਲੀ ਵਾਲਾ ਪੁਲ ’ਤੇ ਧਰਨਾ ਦੇਣ ਵਾਲੇ 600 ਤੋਂ ਵੱਧ ਕਿਸਾਨਾਂ ਖ਼ਿਲਾਫ਼ ਥਾਣਾ ਮਖੂ ਵਿਖੇ ਕੇਸ ਦਰਜ ਕੀਤਾ ਗਿਆ ਹੈ। ਐੱਫ਼ਆਈਆਰ ਮੁਤਾਬਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ, ਜਸਵੀਰ ਸਿੰਘ ਪਿੱਦੀ, ਇੰਦਰਜੀਤ ਸਿੰਘ ਕੱਲੀਵਾਲਾ, ਸਾਹਿਬ ਸਿੰਘ, ਅੰਗਰੇਜ਼ ਸਿੰਘ ਬੂਟੇਵਾਲਾ ਸਮੇਤ 17 ਕਿਸਾਨ ਨੇਤਾਵਾਂ ਸਣੇ 600 ਕਿਸਾਨਾਂ ਖ਼ਿਲਾਫ਼ ਆਈਪੀਸੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਕਿਸਾਨਾਂ ਉੱਤੇ ਦੋਸ਼ ਹੈ ਕਿ ਉਨ੍ਹਾਂ ਧਾਰਾ 144 ਅਤੇ ਕਰੋਨਾਂ ਮਹਾਂਮਾਰੀ ਨਿਯਮਾਂ ਬਿਨਾਂ ਮਾਸਿਕ ਤੇ ਸਮਾਜਿਕ ਦੂਰੀ ਆਦਿ ਦੀ ਉਲੰਘਣਾਂ ਵੀ ਕੀਤੀ ਹੈ। ਕਿਸਾਨਾਂ ਵੱਲੋਂ ਹਰੀਕੇ ਪੱਤਣ ਉੱਤੇ ਆਵਾਜਾਈ ਰੋਕਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਇਥੇ ਧਰਮਕੋਟ ਕੋਲ ਜਲੰਧਰ ਕੌਮੀ ਮਾਰਗ ਉੱਤੇ ਭਾਰਤੀ ਕਿਸਾਨ ਯੂਨੀਅਨ (ਮਾਨ) ਆਗੂ ਬਲਵੰਤ ਸਿੰਘ ਬ੍ਰਾਹਮਕੇ, ਸਾਰਜ ਸਿੋਂਘ ਸੁੱਖਾ ਸਿੰਘ ਵਿਰਕ ਅਤੇ ਜਗਤਾਰ ਸਿੰਘ ਆਦਿ ਨ ਆਗੂਆਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਆਰਡੀਨੈਂਸ ਖ਼ਿਲਾਫ਼ ਚੱਕਾ ਜਾਮ ਕੀਤਾ। ਇਸ ਮੌਕੇ ਤਹਿਸੀਲਦਾਰ, ਧਰਮਕੋਟ ਮਨਦੀਪ ਸਿੰਘ ਨੂੰ ਮੰਗ ਪੱਤਰ ਦੇਣ ਮਗਰੋਂ ਤਕਰੀਬਨ 2 ਵਜੇ ਆਵਾਜਾਈ ਚਾਲੂ ਹੋਈ ।