ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਜਨਵਰੀ
ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਪੈਸੇ ਲੈ ਕੇ ਮੋਬਾਈਲ ਦੀ ਸਹੂਲਤ ਦੇਣ, ਅਣਅਧਿਕਾਰਤ ਮੈਡੀਕਲ ਸਹੂਲਤ ਪ੍ਰਦਾਨ ਕਰਨ ਅਤੇ ਗਲ਼ਤ ਰਿਪੋਰਟ ਭੇਜ ਕੇ ਮੁੱਖ ਦਫ਼ਤਰ ਨੂੰ ਗੁਮਰਾਹ ਕਰਨ ਦੇ ਲੱਗੇ ਦੋਸ਼ਾਂ ਤਹਿਤ ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਸੁਪਰਡੈਂਟ, ਡਿਪਟੀ ਸੁਪਰਡੈਂਟ ਅਤੇ ਇੱਕ ਵਾਰਡਰ ਖ਼ਿਲਾਫ਼ ਸੰਗਰੂਰ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਬਲਵਿੰਦਰ ਸਿੰਘ, ਡਿਪਟੀ ਸੁਪਰਡੈਂਟ ਅਮਰ ਸਿੰਘ ਅਤੇ ਵਾਰਡਰ ਗੁਰਪ੍ਰਤਾਪ ਸਿੰਘ ਦੇ ਖ਼ਿਲਾਫ਼ ਦੋਸ਼ ਲੱਗੇ ਹਨ ਕਿ ਇਨ੍ਹਾਂ ਵੱਲੋਂ ਬੰਦੀ ਕਮਲ ਕੁਮਾਰ ਉਰਫ਼ ਰੌਕੀ ਅਤੇ ਬੰਦੀ ਅਰੁਨ ਕੁਮਾਰ ਉਰਫ਼ ਅਰੂ ਨੂੰ ਸਪੈਸ਼ਲ ਜੇਲ੍ਹ ਸੰਗਰੂਰ ਅੰਦਰ ਕਰੀਬ 4 ਮਹੀਨੇ ਬੰਦ ਰੱਖਿਆ ਗਿਆ ਹੈ ਜਦੋਂ ਕਿ ਸਪੈਸ਼ਲ ਜੇਲ੍ਹਾਂ ਵਿੱਚ ਬੰਦੀਆਂ ਵਲੋਂ 21 ਦਿਨਾਂ ਦਾ ਸਮਾਂ ਰੱਖਣ ਤੋਂ ਬਾਅਦ ਕਰੋਨਾ ਟੈਸਟ ਕਰਾਉਣ ਮਗਰੋਂ ਜੇਲ੍ਹ ਬਦਲਣਾ ਲਾਜ਼ਮੀ ਹੁੰਦਾ ਹੈ। ਉਨ੍ਹਾਂ ਉਤੇ ਆਪਣੇੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਕਥਿਤ ਤੌਰ ’ਤੇ ਪੈਸੇ ਲੈ ਕੇ ਜੇਲ੍ਹ ਅੰਦਰ ਬੰਦੀਆਂ ਨੂੰ ਮੋਬਾਈਲ ਦੀ ਸਹੂਲਤ ਪ੍ਰਦਾਨ ਕਰਨਾ, ਪੈਸੇ ਲੈ ਕੇ ਬਾਹਰਲੇ ਹਸਪਤਾਲ ’ਚ ਇਲਾਜ ਲਈ ਭੇਜ ਕੇ ਅਣਅਧਿਕਾਰਤ ਮੈਡੀਕਲ ਸਹੂਲਤ ਪ੍ਰਦਾਨ ਕਰਨਾ ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵੀ ਲੱਗੇ ਹਨ। ਡੀਐੱਸਪੀ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ।
ਕੇਂਦਰੀ ਜੇਲ੍ਹ ਵਿੱਚ ਗੈਰ ਕਾਨੂੰਨੀ ਮੋਬਾਈਲ ਨੈੱਟਵਰਕ ਦਾ ਪਰਦਾਫਾਸ਼
ਕਪੂਰਥਲਾ(ਧਿਆਨ ਸਿੰਘ ਭਗਤ): ਕਪੂਰਥਲਾ ਪੁਲੀਸ ਵੱਲੋਂ ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਗੈਰਕਾਨੂੰਨੀ ਮੋਬਾਈਲ ਨੈਟਵਰਕਿੰਗ ਦਾ ਪਰਦਾਫਾਸ਼ ਕੀਤਾ ਗਿਆ। ਜਿਸ ਤਹਿਤ ਜੇਲ੍ਹ ਵਾਰਡਰ ਸਮੇਤ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸ ਐੱਸਪੀ ਕਪੂਰਥਲਾ ਕੰਵਰਦੀਪ ਕੌਰ ਨੇ ਦੱਸਿਆ ਕਿ ਵਿਜੇ ਵਾਸੀ ਸੰਤ ਨਗਰ ਬਸਤੀ ਸ਼ੇਖ ਜਲੰਧਰ, ਸ਼ਿਵਮ ਵਾਸੀ ਪ੍ਰੀਤ ਨਗਰ ਕਪੂਰਥਲਾ ਅਤੇ ਜੇਲ੍ਹ ਵਾਰਡਰ ਲਵਪ੍ਰੀਤ ਸਿੰਘ ਵਾਸੀ ਹਰਚੋਵਾਲ ਗੁਰਦਾਸਪੁਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 16 ਐਕਟਿਵ ਸਿਮ ਸਮੇਤ ਇਕ ਸੈਮਸੰਗ ਮੋਬਾਈਲ ਬੈਟਰੀ ਬਰਾਮਦ ਕੀਤੀ ਗਈ।