ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਅਗਸਤ
ਬੌਲੀਵੁੱਡ ਅਦਾਕਾਰਾ ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ 43 ’ਚ ਸਥਿਤ ਜ਼ਿਲ੍ਹਾ ਅਦਾਲਤ ਵਿੱਚ ਕੇਸ (ਸਿਵਲ ਸੂਟ) ਦਾਇਰ ਕੀਤਾ ਹੈ। ਉਪਾਸਨਾ ਸਿੰਘ ਵੀਰਵਾਰ ਨੂੰ ਆਪਣੇ ਵਕੀਲ ਕਰਨ ਸਚਦੇਵਾ ਨਾਲ ਚੰਡੀਗੜ੍ਹ ਸਥਿਤ ਜ਼ਿਲ੍ਹਾ ਅਦਾਲਤ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਹਰਨਾਜ਼ ਕੌਰ ਸੰਧੂ ਦੇ ਖ਼ਿਲਾਫ਼ ਸਿਵਲ ਕੇਸ ਦਾਇਰ ਕੀਤਾ ਹੈ। ਉਪਾਸਨਾ ਸਿੰਘ ਨੇ ਦੋਸ਼ ਲਗਾਇਆ ਹੈ ਕਿ ਹਰਨਾਜ਼ ਨੇ ਸਾਲ 2020 ਵਿੱਚ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਸੀ। ਉਸ ਸਮੇਂ ਹਰਨਾਜ਼ ਨੇ ਉਸ ਦੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਐੱਲਐੱਲਪੀ ਨਾਲ ਇਕ ਕੰਟਰੈਕਟ ਕੀਤਾ ਸੀ। ਇਸ ਕੰਟਰੈਕਟ ਅਨੁਸਾਰ ਉਪਾਸਨਾ ਸਿੰਘ ਵੱਲੋਂ ਬਣਾਈ ਜਾਣ ਵਾਲੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’ ਵਿੱਚ ਹਰਨਾਜ਼ ਕੌਰ ਸੰਧੂ ਨੂੰ ਲੀਡ ਰੋਲ ਦਿੱਤਾ ਗਿਆ ਸੀ। ਕੰਟਰੈਕਟ ਵਿੱਚ ਹਰਨਾਜ਼ ਕੌਰ ਸੰਧੂ ਨੂੰ ਫ਼ਿਲਮ ਵਿੱਚ ਸਰੀਰਕ ਅਤੇ ਵਰਚੁਅਲ ਢੰਗ ਨਾਲ ਹਾਜ਼ਰ ਹੋਣਾ ਲਾਜ਼ਮੀ ਲਿਖਿਆ ਸੀ। ਉਪਾਸਨਾ ਸਿੰਘ ਨੇ ਕਿਹਾ ਕਿ ਸਾਲ 2021 ਵਿੱਚ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਕੰਟਰੈਕਟ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ। ਹਰਨਾਜ਼ ਨੇ ਫੋਨ ਚੁੱਕਣ ਅਤੇ ਈ-ਮੇਲ ਤੇ ਮੈਸੇਜ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਨਾਜ਼ ਨਾਲ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਨੂੰ ਫ਼ਿਲਮ ਦੀ ਰਿਲੀਜ਼ ਡੇਟ 27 ਮਈ ਤੋਂ ਬਦਲ ਕੇ 19 ਅਗਸਤ ਕਰਨੀ ਪਈ ਹੈ। ਇਸ ਤਰ੍ਹਾਂ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਹ ਉਪਾਸਨਾ ਸਿੰਘ ਦੀ ਬਤੌਰ ਨਿਰਮਾਤਾ ਪਹਿਲੀ ਫ਼ਿਲਮ ਹੈ। ਉਨ੍ਹਾਂ ਕਿਹਾ ਕਿ ਹਰਨਾਜ਼ ਕੌਰ ਸੰਧੂ ਨੇ ਉਨ੍ਹਾਂ ਦੀ ਫ਼ਿਲਮ ਦਾ ਇਕ ਵੀ ਪੋਸਟ ਸ਼ੇਅਰ ਨਹੀਂ ਕੀਤਾ ਹੈ।