ਬੀਰਬਲ ਰਿਸ਼ੀ
ਸ਼ੇਰਪੁਰ, 6 ਅਕਤੂਬਰ
ਪਿੰਡ ਹੇੜੀਕੇ ਵਿੱਚ ਪੰਚਾਇਤ ਸੈਕਟਰੀ ਦੀ ਅਗਵਾਈ ਹੇਠ ਪੰਚਾਇਤੀ ਮੀਟਿੰਗ ਦੌਰਾਨ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੇ ਮਾਮਲੇ ’ਤੇ ਆਪਸੀ ਤਕਰਾਰ ਤੋਂ ਵਧੇ ਵਾਦ-ਵਿਵਾਦ ਮਗਰੋਂ ਪੰਚ ਪ੍ਰੇਮਜੀਤ ਸਿੰਘ ਸਣੇ ਅੱਠ ਮਰਦ ਤੇ ਔਰਤਾਂ ਪਿੰਡ ਦੇ ਵਾਟਰ ਵਰਕਸ ’ਤੇ ਚੜ੍ਹ ਗਈਆਂ। ਇਸ ਦੌਰਾਨ ਮਜ਼ਦੂਰਾਂ ਨੇ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਫਾਰਮ ਭਰੇ ਜਾਣ ਦੀ ਥਾਂ ਮਹਿਜ਼ ਦਰਖਾਸਤਾਂ ਲਈਆਂ ਜਾ ਰਹੀਆਂ ਹਨ ਜਿਸ ਨਾਲ ਵਿਤਕਰੇਬਾਜ਼ੀ ਦੀ ਸੰਭਾਵਨਾ ਹੈ।
ਵਾਰਟ ਵਰਕਸ ’ਤੇ ਚੜ੍ਹਨ ਵਾਲਿਆਂ ਵਿਚ ਪੰਚ ਤੋਂ ਇਲਾਵਾ ਕਿਰਨਦੀਪ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਹਰਬੰਸ ਕੌਰ, ਬੇਅੰਤ ਸਿੰਘ, ਬਲਵਿੰਦਰ ਸਿੰਘ ਆਦਿ ਸ਼ਾਮਲ ਸਨ। ਉੱਧਰ, ਪਿੰਡ ਦੀ ਸਰਪੰਚ ਪਾਲਵਿੰਦਰ ਕੌਰ ਨੇ ਦੱਸਿਆ ਕਿ ਵਿਭਾਗ ਪੰਜ ਮਰਲੇ ਦੇ ਪਲਾਟਾਂ ਲਈ ਅਰਜੀਆਂ ਲੈ ਰਿਹਾ ਹੈ ਜਿਸ ਸਬੰਧੀ ਕੌਣ ਪਲਾਟ ਦਾ ਹੱਕਦਾਰ ਹੈ ਕੌਣ ਨਹੀਂ ਇਸ ਦੀ ਵੈਰੀਫਿਕੇਸ਼ਨ ਵਿਭਾਗ ਨੇ ਖੁਦ ਕਰਨੀ ਹੈ ਅਤੇ ਇਸ ਵਿੱਚ ਪੰਚਾਇਤ ਦਾ ਉੱਕਾ ਹੀ ਦੋਸ਼ ਨਹੀਂ। ਪੰਚਾਇਤ ਸੈਕਟਰੀ ਪ੍ਰਵੀਨ ਕੁਮਾਰ ਨੇ ਕਿਹਾ ਕਿ ਪੰਚ ਸਮੇਤ ਹੋਰ ਮਜ਼ਦੂਰਾਂ ਨੇ ਫਾਰਮਾਂ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਲਿਖਤੀ ਦਰਖਾਸ਼ਤਾਂ ਹੀ ਲਈਆਂ ਜਾ ਰਹੀਆਂ ਹਨ ਜਿਸ ਮਗਰੋਂ ਜਿਹੜੇ ਸਹੀ ਹੱਕਦਾਰ ਹੋਣਗੇ ਉਨ੍ਹਾਂ ਨੂੰ ਯਕੀਨਨ ਪਲਾਟ ਮਿਲ ਜਾਣਗੇ। ਉਨ੍ਹਾਂ ਕਿਹਾ ਕਿ ਦਰਖਾਸਤਾ ਦੇਣ ਦੀ ਅੱਜ ਅੰਤਿਮ ਮਿਤੀ ਨਹੀਂ ਸੀ ਹੁਣ ਵੀ ਦਿੱਤੀਆਂ ਜਾ ਸਕਦੀਆਂ ਹਨ। ਉੱਧਰ, ਸ਼ਾਮ ਸਮੇਂ ਸ਼ੇਰਪੁਰ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਮੌਕੇ ’ਤੇ ਪੁੱਜੇ ਜਿਨ੍ਹਾਂ ਮਸਲੇ ਦੇ ਤੁਰੰਤ ਪੱਕੇ ਹੱਲ ਦਾ ਭਰੋਸਾ ਦੇ ਕੇ ਮਜ਼ਦੂਰਾਂ ਨੂੰ ਟੈਂਕੀ ਤੋਂ ਹੇਠਾਂ ਉਤਾਰ ਲਿਆ।