ਰਵੇਲ ਸਿੰਘ ਭਿੰਡਰ
ਪਟਿਆਲਾ, 2 ਅਗਸਤ
ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਖੇ ਸੌ ਸਾਲਾ ਪੁਰਾਤਨ ਸਫਰੀ ਸਰੂਪ ਗੁੰਮ ਹੋਣ ਦੇ ਮਾਮਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰ ਨੋਟਿਸ ਲਿਆ ਹੈ। ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਗਠਿਤ ਪੰਜ ਮੈਂਬਰੀ ਟੀਮ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਅਰਦਾਸਪੁਰ ਸਾਹਿਬ ਵਿਖੇ ਪੁੱਜੀ। ਟੀਮ ਨੇ ਜਾਂਚ ਪੜਤਾਲ ਦੌਰਾਨ ਗ੍ਰੰਥੀ ਸਿੰਘਾਂ, ਕਮੇਟੀ ਮੈਂਬਰਾਂ ਅਤੇ ਪਿੰਡ ਦੀਆਂ ਸੰਗਤਾਂ ਨਾਲ ਲੰਮੀਆਂ ਵਿਚਾਰਾਂ ਕੀਤੀਆਂ। ਟੀਮ ਗੁਰਦੁਆਰਾ ਸਾਹਿਬ ਵਿੱਚ ਪੰਜ ਘੰਟੇ ਰਹੀ। ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਦੱਸਿਆ ਕਿ ਸਾਰੀਆਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਗਏ ਹਨ, ਪਰ ਸਰੂਪ ਬਾਰੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਿਛਾਬਰ ਸਿੰਘ ਨੇ ਦੱਸਿਆ ਕਿ ਸ਼ੋ੍ਮਣੀ ਕਮੇਟੀ ਵੱਲੋਂ ਗਠਿਤ ਟੀਮ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਆਪਣੇ ਪੱਧਰ ’ਤੇ ਇਹ ਸਾਰਾ ਮਾਮਲਾ ਪੁਲੀਸ ਪ੍ਰਸ਼ਾਸਨ ਦੇ ਧਿਆਨ ’ਚ ਵੀ ਲਿਆ ਚੁੱਕੀ ਹੈ।