ਸ਼ਗਨ ਕਟਾਰੀਆ/ਰਾਜਿੰਦਰ ਮਰਾਹੜ
ਬਠਿੰਡਾ/ਭਗਤਾ ਭਾਈ, 12 ਜਨਵਰੀ
ਸਹਿਕਾਰੀ ਸਭਾ ਮਲੂਕਾ ਦੇ ਚੋਣ ਅਮਲ ’ਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਦਿਆਲਪੁਰਾ ਭਾਈ ਥਾਣੇ ’ਚ ਧਾਰਾ 353, 186, 506, 427 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ’ਚ 150 ਅਣਪਛਾਤੇ ਅਤੇ ਇਕ ਦਰਜਨ ਵਿਅਕਤੀਆਂ ’ਤੇ ਨਾਵਾਂ ਦੀ ਪਛਾਣ ਨਾਲ ਕੇਸ ਦਰਜ ਹੋਇਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ’ਚੋਂ ਬਹੁਤਿਆਂ ਦਾ ਸਬੰਧ ਅਕਾਲੀ ਦਲ ਨਾਲ ਹੈ ਅਤੇ ਇਨ੍ਹਾਂ ਨੂੰ ਧੜੇਬੰਦੀ ਦਾ ‘ਸ਼ਿਕਾਰ’ ਬਣਾਇਆ ਗਿਆ ਹੈ। ਨਾਮਜ਼ਦਾਂ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਰਤਨ ਸ਼ਰਮਾ, ਜਗਮੋਹਨ ਲਾਲ ਅਤੇ ਹਰਿੰਦਰ ਸਿੰਘ ਦੇ ਨਾਂ ਪ੍ਰਮੁੱਖ ਹਨ। ਹੋਰਨਾਂ ਵਿੱਚ ਰੇਸ਼ਮ ਸਿੰਘ, ਗੁਰਲਾਲ ਸਿੰਘ, ਬਲਜੀਤ ਰਾਮ, ਸੁਖਦੇਵ ਸਿੰਘ, ਜਤਿੰਦਰ ਸਿੰਘ, ਬੂਟਾ ਸਿੰਘ, ਸਤਿਗੁਰੂ ਸਿੰਘ, ਹਰਜੀਤ ਸਿੰਘ ਅਤੇ ਗੁਰਜੰਟ ਸਿੰਘ ਦੇ ਨਾਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ’ਤੇ ਸਰਕਾਰੀ ਕੰਮਕਾਜ ’ਚ ਵਿਘਨ ਪਾਉਣ, ਰਿਟਰਨਿੰਗ ਅਧਿਕਾਰੀ ਜਿਤੇਸ਼ ਕੁਮਾਰ, ਪੁਲੀਸ ਇੰਸਪੈਕਟਰ ਅਮਨਪਾਲ ਸਿੰਘ ਨੂੰ ਧਮਕੀਆਂ ਦੇਣ, ਪੁਲੀਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਕਰਨ, ਪੁਲੀਸ ਮੁਲਾਜ਼ਮਾਂ ਦੀ ਗੱਡੀ ’ਤੇ ਹਮਲਾ ਅਤੇ ਉਥੇ ਪਏ ਸਮਾਨ ਦੀ ਭੰਨਤੋੜ ਕਰਨ ਦੇ ਇਲਜ਼ਾਮ ਲਾਏ ਗਏ ਹਨ। ਰੇਸ਼ਮ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਮੁਤਾਬਿਕ 11 ਜਨਵਰੀ ਨੂੰ ਸਹਿਕਾਰੀ ਸਭਾ ਮਲੂਕਾ ਦੀ ਚੋਣ ਸੀ ਅਤੇ ਉਸ ਦੇ ਲੜਕੇ ਬਲਦੇਵ ਸਿੰਘ ਨੇ ਕਾਗਜ਼ ਦਾਖ਼ਲ ਕਰਨੇ ਸਨ। ਜਾਣਕਾਰੀ ਮੁਤਾਬਿਕ ਰੱਫੜ ਦੀ ਵਜ੍ਹਾ ਸਿਆਸੀ ਰੰਜ਼ਿਸ਼ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਿਕੰਦਰ ਸਿੰਘ ਮਲੂਕਾ ਇਸੇ ਪਿੰਡ ਦੇ ਹਨ। ਉਨ੍ਹਾਂ ਸੱਤਾਧਾਰੀ ਧਿਰ ’ਤੇ ਸਾਜ਼ਿਸ਼ ਤਹਿਤ ਅਕਾਲੀ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਲਾਉਂਦਿਆਂ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ।