ਪੱਤਰ ਪ੍ਰੇਰਕ
ਅੰਮ੍ਰਿਤਸਰ, 15 ਅਕਤੂਬਰ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਲੀਗਲ ਹੈੱਡ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਖੁਫੀਆ ਤੇ ਪੰਥਕ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਚਲੌਂਗ ਟੌਲ ਪਲਾਜ਼ੇ ’ਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਮਾਮੂਲੀ ਵਿਰੋਧ ਹੋਇਆ ਸੀ ਪਰ ਥਾਣੇ ਸ਼ਿਕਾਇਤ ਕਰਨ ਤੋਂ ਪਹਿਲਾਂ ਅਸ਼ਵਨੀ ਸ਼ਰਮਾ ਦੀ ਕਾਰ ਦੇ ਸ਼ੀਸ਼ੇ ਖੁਦ ਹੀ ਤੋੜੇ ਗਏ ਸਨ। ਐਡਵੋਕੇਟ ਰੰਧਾਵਾ ਨੇ ਖਦਸ਼ਾ ਪ੍ਰਗਟਾਇਆ ਕਿ ਜੇਕਰ ਟੌਲ ਬੈਰੀਅਰ ’ਤੇ ਕਾਰ ਦੇ ਸ਼ੀਸ਼ੇ ਠੀਕ-ਠਾਕ ਸਨ ਤਾਂ ਫਿਰ ਬਾਅਦ ਵਿੱਚ ਥਾਣੇ ਪਹੁੰਚਣ ’ਤੇ ਕਿਵੇਂ ਟੁੱਟ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੁੰਦਾ ਹੈ ਕਿ ਭਾਜਪਾ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੂੰ ਅਸ਼ਵਨੀ ਸ਼ਰਮਾ ਵੱਲੋਂ ਥਾਣੇ ਵਿੱਚ ਦਿੱਤੀ ਝੂਠੀ ਦਰਖਾਸਤ ਦਾ ਤੁਰੰਤ ਨੋਟਿਸ ਲੈਂਦਿਆਂ ਉਸ ਖ਼ਿਲਾਫ਼ 182 ਆਈਪੀਸੀ ਅਧੀਨ ਕਾਰਵਾਈ ਕਰਨੀ ਚਾਹੀਦੀ ਹੈ।