ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 3 ਮਈ
ਫਿਰੋਜ਼ਪੁਰ ਪੁਲੀਸ ਨੇ ਸਾਬਕਾ ਡੀਆਈਜੀ (ਜੇਲ੍ਹਾਂ) ਲਖਮਿੰਦਰ ਸਿੰਘ ਜਾਖੜ ਤੇ ਸੁਖਦੇਵ ਸਿੰਘ ਸੱਗੂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਡਰੱਗ ਰਿਕਵਰੀ ਘੁਟਾਲੇ ਵਿਚ ਚਾਰ ਦਿਨ ਪਹਿਲਾਂ ਪੰਜਾਬ ਦੇ ਡੀਜੀਪੀ ਨੇ ਸੋਧ ਕੇ ਹੁਕਮ ਜਾਰੀ ਕੀਤਾ ਸੀ। ਦੋਵਾਂ ਅਧਿਕਾਰੀਆਂ ’ਤੇ ਦੋਸ਼ ਹੈ ਕਿ ਇਨ੍ਹਾਂ ਜੇਲ੍ਹ ਵਿਚੋਂ ਬਰਾਮਦ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਨੂੰ ਆਪਣੇ ਪੱਧਰ ’ਤੇ ਹੀ ਨਬਿੇੜ ਦਿੱਤਾ ਤੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਦਿੱਤੀ। ਸਾਬਕਾ ਉੱਚ ਅਧਿਕਾਰੀਆਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ। ਐਫਆਈਆਰ ਵਿਚ ਦਰਜ ਹੈ ਕਿ ਜੇਲ੍ਹ ਵਿਚਲੇ ਨਸ਼ੀਲੇ ਪਦਾਰਥਾਂ ਦੇ 241 ਮਾਮਲਿਆਂ ਤੇ ਮੋਬਾਈਲ ਫੋਨ ਬਰਾਮਦ ਹੋਣ ਦੇ ਮਾਮਲਿਆਂ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਜਾਖੜ ਤੇ ਸੱਗੂ ਨੇ ਸਿਰਫ਼ ਇਕ ਮਾਮਲੇ ਬਾਰੇ ਹੀ ਉੱਪਰ ਜਾਣਕਾਰੀ ਦਿੱਤੀ। ਇਹ ਮਾਮਲੇ 2005-11 ਦੇ ਹਨ ਜਦ ਇਹ ਦੋਵੇਂ ਫਿਰੋਜ਼ਪੁਰ ਜੇਲ੍ਹ ਦੇ ਸੁਪਰਡੈਂਟ ਵਜੋਂ ਤਾਇਨਾਤ ਸਨ।