ਟ੍ਰਿਬਿਊਨ ਨਿਊਜ਼ ਸਰਵਿਸ
ਨਕੋਦਰ, 26 ਅਗਸਤ
ਨਕੋਦਰ ਪੁਲੀਸ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਖ਼ਿਲਾਫ਼ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਹੈ। ਉਹ ਇਥੋਂ ਦੇ ਡੇਰਾ ਮੁਰਾਦ ਸ਼ਾਹ ਦੇ ਚੇਅਰਮੈਨ ਵੀ ਹਨ। ਗੁਰਦਾਸ ਮਾਨ ’ਤੇ ਦੋਸ਼ ਹੈ ਕਿ ਉਸ ਨੇ ਇਕ ਬਿਆਨ ਜਾਰੀ ਕਰ ਕੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਗੁਰਦਾਸ ਮਾਨ ਨੇ ਆਪਣੇ ਇਸ ਬਿਆਨ ਵਾਸਤੇ ਭਾਵੇਂ ਮੁਆਫ਼ੀ ਵੀ ਮੰਗ ਲਈ ਹੈ ਪਰ ਕੁਝ ਸਿੱਖ ਸੰਸਥਾਵਾਂ ਉਸ ਦੇ ਖ਼ਿਲਾਫ਼ ਕਾਰਵਾਈ ਲਈ ਬਜ਼ਿੱਦ ਹਨ। ਇਸ ਸਬੰਧ ਵਿੱਚ ਅੱਜ ਸਤਕਾਰ ਕਮੇਟੀ ਦੇ ਮੈਂਬਰ ਇਥੋਂ ਦੇ ਗੁਰਦੁਆਰੇ ਵਿੱਚ ਇੱਕਠੇ ਹੋਏ ਤੇ ਗੁਰਦਾਸ ਮਾਨ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਪੁਲੀਸ ’ਤੇ ਦਬਾਅ ਪਾਉਣ ਲਈ ਆਵਾਜਾਈ ਰੋਕਣ ਵਾਸਤੇ ਜਲੰਧਰ ਵੱਲ ਕੂਚ ਕਰਨ ਲੱਗ ਪਏ। ਇਸ ਮਗਰੋਂ ਪੁਲੀਸ ਹਰਕਤ ਵਿੱਚ ਆ ਗਈ ਤੇ ਸਤਕਾਰ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਗੁਰਦਾਸ ਮਾਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਗੁਰਦਾਸ ਮਾਨ ਉਸ ਵੇਲੇ ਵਿਵਾਦ ਵਿੱਚ ਆ ਗਿਆ ਸੀ ਜਦੋਂ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਡੇਰੇ ਦਾ ਮੁਖੀ ਸਾਈਂ ਲਾਡੀ ਸ਼ਾਹ ਸਿੱਖਾਂ ਦੇ ਤੀਜੇ ਗੁਰੂ, ਗੁਰੂ ਅਮਰਦਾਸ ਦੇ ਪੂਰਵਜਾਂ ਵਿੱਚੋਂ ਇਕ ਹੈ।