ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 4 ਮਾਰਚ
ਸਰਹੱਦੀ ਪਿੰਡ ਜੱਲੋ ਕੇ ਵਿੱਚ ਵਿਧਾਨ ਸਭਾ ਚੋਣਾਂ ਵਾਲੇ ਦਿਨ ‘ਆਪ’ ਵਰਕਰ ਸੁਰਜੀਤ ਸਿੰਘ ਨਾਲ ਹੋਈ ਕੁੱਟਮਾਰ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਪੁਲੀਸ ਨੇ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਤੇ ਉਸ ਦੇ ਹਮਾਇਤੀ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਸਣੇ ਸਤਨਾਮ ਸਿੰਘ, ਮੰਗਤ ਰਾਮ, ਸੋਨੂੰ ਸਿੰਘ ਵਾਸੀ ਪਿੰਡ ਹਜਾਰਾ, ਵੰਜਾਰ ਸਿੰਘ ਅਤੇ ਸੁਰਿੰਦਰ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 323 ਅਤੇ 506 ਅਧੀਨ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਸ ਕੇਸ ਵਿੱਚ ਰਾਣਾ ਧਿਰ ਦੇ ਕਰੀਬ ਦੋ ਦਰਜਨ ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਦੂਜੇ ਪਾਸੇ ਰਾਣਾ ਸੋਢੀ ਵੱਲੋਂ ‘ਆਪ’ ਦੇ ਵਰਕਰ ਸੁਰਜੀਤ ਸਿੰਘ ਖ਼ਿਲਾਫ਼ ਦਿੱਤੀ ਗਈ ਸ਼ਿਕਾਇਤ ’ਤੇ ਵੀ ਪੁਲੀਸ ਪੁੱਛ-ਪੜਤਾਲ ਕਰ ਰਹੀ ਹੈ।