ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਸਤੰਬਰ
ਗਣਪਤੀ ਸਮਾਗਮ ਦੌਰਾਨ ਅਸ਼ਲੀਲ ਗਾਣੇ ਗਾਉਣ ਦੇ ਮਾਮਲੇ ਵਿੱਚ ਗਾਇਕ ਜੀ ਖਾਨ ਅਤੇ ਸਮਾਗਮ ਕਰਵਾਉਣ ਵਾਲੇ ਭਾਜਪਾ ਆਗੂ ਹਨੀ ਬੇਦੀ ਖ਼ਿਲਾਫ਼ ਲੁਧਿਆਣਾ ਪੁਲੀਸ ਨੇ ਕੇਸ ਦਰਜ ਕੀਤਾ ਹੈ। ਸ਼ਿਵ ਸੈਨਾ ਪੰਜਾਬ ਦੇ ਆਗੂ ਅਮਿਤ ਅਰੋੜਾ ਨੇ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਇਸ ਮਾਮਲੇ ਵਿੱਚ ਅੱਜ ਪੁਲੀਸ ਨੇ ਜੀ ਖਾਨ ਅਤੇ ਹਨੀ ਬੇਦੀ ਖ਼ਿਲਾਫ਼ 295 ਏ ਦਾ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਮਿਤ ਅਰੋੜਾ ਨੇ ਦੱਸਿਆ ਕਿ ਜਨਕਪੁਰੀ ਇਲਾਕੇ ਵਿੱਚ ਬਾਬਾ ਗਣਪਤੀ ਮਹਾਉਤਸਵ ਕਮੇਟੀ ਵੱਲੋਂ ਸਮਾਗਮ ਰੱਖਿਆ ਗਿਆ ਸੀ। ਇਸ ਦੌਰਾਨ ਗਣਪਤੀ ਦੇ ਵਿਸਰਜਨ ਤੋਂ ਪਹਿਲਾਂ ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਜੀ ਖਾਨ ਨੇ, ‘ਪੈਗ ਮੋਟੇ ਮੋਟੇ, ਚੋਲੀ ਕੇ ਪਿਛੇ ਕਿਆ ਹੈ’ ਵਰਗੇ ਗਾਣੇ ਗਾਏ। ਪੁਲੀਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਸ਼ੁਰੂ ਕਰ ਦਿੱਤੇ ਹਨ।