ਪੱਤਰ ਪ੍ਰੇਰਕ
ਕੀਰਤਪੁਰ ਸਾਹਿਬ, 9 ਅਗਸਤ
ਮੁੱਖ ਖੇਤੀਬਾੜੀ ਅਫਸਰ ਰੂਪਨਗਰ ਦੀ ਸ਼ਿਕਾਇਤ ਦੇ ਆਧਾਰ ’ਤੇ ਬਿਨਾ ਲਾਇਸੈਂਸ ਤੇ ਬਿਨਾ ਬਿੱਲ ਕਿਸਾਨਾਂ ਨੂੰ ਫੈਰਸ ਸਲਫੇਟ ਖਾਦ ਨੂੰ ਜ਼ਿੰਕ ਖਾਦ ਕਹਿ ਕੇ ਵੇਚਣ ਵਾਲੀ ਮੈੱਸਐੱਸਐੱਸ ਇੰਟਰਪ੍ਰਾਈਜ਼ਿਸ ਪਿੰਡ ਆਲੋਵਾਲ ਖ਼ਿਲਾਫ਼ ਥਾਣਾ ਕੀਰਤਪੁਰ ਸਾਹਿਬ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਰਕੀਰਤ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਮੁਖ ਖੇਤੀਬਾੜੀ ਅਫ਼ਸਰ ਰੂਪਨਗਰ ਨੇ ਮੈੱਸਐੱਸਐੱਸ ਇੰਟਰਪ੍ਰਾਈਜ਼ਿਸ ਪਿੰਡ ਆਲੋਵਾਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਲਿਖਤੀ ਦਰਖਾਸਤ ਦਿੱਤੀ ਸੀ, ਜੋ ਮਾਰਕ ਹੋ ਕੇ ਪਰਚਾ ਦਰਜ ਕਰਨ ਲਈ ਊਨ੍ਹਾਂ ਕੋਲ ਪੁੱਜੀ ਸੀ। ਪ੍ਰਾਪਤ ਹੋਈ ਸ਼ਿਕਾਇਤ ਦੇ ਸਬੰਧ ਵਿਚ ਟੀਮ ਵੱਲੋਂ 24 ਜੁਲਾਈ ਨੂੰ ਮੈੱਸਐੱਸਐੱਸ ਇੰਟਰਪ੍ਰਾਈਜ਼ਿਸ ਆਲੋਵਾਲ ਵਿਚ ਖੇਤੀਬਾੜੀ ਅਫ਼ਸਰ ਰਾਕੇਸ਼ ਕੁਮਾਰ ਸ਼ਰਮਾ, ਖੇਤੀਬਾੜੀ ਵਿਕਾਸ ਅਫ਼ਸਰ ਰਮਨ ਕਰੋੜੀਆ ਤੇ ਬਲਵਿੰਦਰ ਕੁਮਾਰ ਏਐੱਸਆਈ ਨੇ ਚੈਕਿੰਗ ਕੀਤੀ। ਮੌਕੇ ਤੇ ਮੌਜੂਦ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਟੀਮ ਵੱਲੋਂ ਐੱਫਸੀਓ 1985 ਦੀ ਧਾਰਾ 28 ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ। ਉਪਰੋਕਤ ਫਰਮ ਨੂੰ ਖਾਦ ਬਣਾਉਣ ਜਾਂ ਵੇਚਣ ਦੇ ਲਾਇਸੈਂਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਇਸ ਸਬੰਧੀ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ। ਫਰਮ ਵੱਲੋਂ ਐਫ.ਸੀ.ਓ 1985 ਦੀ ਧਾਰਾ 8(1,2,3) ਦੀ ਉਲੰਘਣਾ ਕੀਤੀ ਹੈ।