ਸੰਜੀਵ ਹਾਂਡਾ
ਫਿਰੋਜ਼ਪੁਰ,1 ਮਾਰਚ
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਰਚੇ ’ਤੇ ਬੈਠੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਵਰਤੇ ਗਏ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਫਿਰੋਜ਼ਪੁਰ ਅਤੇ ਜ਼ੀਰਾ ਦੀਆਂ ਫ਼ੌਜਦਾਰੀ ਅਦਾਲਤਾਂ ਵਿੱਚ ਕੇਸ ਦਰਜ ਕੀਤੇ ਗਏ ਹਨ। ਇਹ ਕੇਸ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਸੰਸਦ ਮੈਂਬਰ ਰਵੀ ਕਿਸ਼ਨ ਸਮੇਤ ਕੌਮੀ ਸਕੱਤਰ ਰਾਮ ਮਹਾਂਦੇਵ ਖ਼ਿਲਾਫ਼ ਸਥਾਨਕ ਕਿਸਾਨਾਂ ਵੱਲੋਂ ਦਰਜ ਕਰਾਏ ਗਏ ਹਨ। ਕਟੋਰਾ ਨਿਵਾਸੀ ਬਲਰਾਜ ਸਿੰਘ ਵੱਲੋਂ ਐੱਮਪੀ ਰਵੀ ਕਿਸ਼ਨ, ਜਗਜੀਤ ਸਿੰਘ ਵੱਲੋਂ ਨਿਤੀਨ ਪਟੇਲ, ਸਰਬਜੀਤ ਸਿੰਘ ਵੱਲੋਂ ਰਾਮ ਮਹਾਂਦੇਵ ਤੇ ਮੰਗਲ ਸਿੰਘ ਵੱਲੋਂ ਕੈਬਨਿਟ ਮੰਤਰੀ ਗਿਰੀਰਾਜ ਸਿੰਘ ਖ਼ਿਲਾਫ਼ ਮਾਣਹਾਨੀ ਦੇ ਫ਼ੌਜਦਾਰੀ ਕੇਸ ਦਰਜ ਕਰਵਾਏ ਗਏ ਹਨ।