ਜੋਗਿੰਦਰ ਸਿੰਘ ਮਾਨ
ਮਾਨਸਾ, 17 ਮਈ
ਵੇਦਾਂਤਾ ਕੰਪਨੀ ਵੱਲੋਂ ਪਿੰਡ ਬਣਾਂਵਾਲਾ ’ਚ ਪ੍ਰਾਈਵੇਟ ਭਾਈਵਾਲੀ ਤਹਿਤ ਲਾਏ ਗਏ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ’ਚ ਅੱਜ ਸੀਬੀਆਈ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਜਿਸ ਦੀ ਪੁਸ਼ਟੀ ਤਾਪ ਘਰ ਦੇ ਬੁਲਾਰੇ ਵੱਲੋਂ ਵੀ ਕੀਤੀ ਗਈ ਹੈ ਤੇ ਟੀਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਛਾਪੇ ਦਾ ਸਬੰਧ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਦੇ ਪੁੱਤਰ ਕ੍ਰਾਂਤੀ ਚਿਦੰਬਰਮ ਨਾਲ ਜੁੜਿਆ ਹੋਇਆ ਹੈ। ਵੇਰਵਿਆਂ ਮੁਤਾਬਕ ਸੀਬੀਆਈ ਵੱਲੋਂ ਕ੍ਰਾਂਤੀ ਚਿਦੰਬਰਮ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੇ ਜਿਹੜੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ, ਉਨ੍ਹਾਂ ਤਹਿਤ ਹੀ ਬਣਾਂਵਾਲਾ ਤਾਪਘਰ ਵਿੱਚ ਵੱਜਿਆ ਇਹ ਛਾਪਾ ਵੀ ਹੈ। ਭਾਵੇਂ ਦੇਰ ਸ਼ਾਮ ਤੱਕ ਛਾਪਾ ਜਾਰੀ ਸੀ ਅਤੇ ਮੀਡੀਆ ਕਰਮੀਆਂ ਸਮੇਤ ਹੋਰਾਂ ਨੂੰ ਤਾਪਘਰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ, ਪਰ ਵੇਰਵਿਆਂ ਅਨੁਸਾਰ ਜਦੋਂ ਇਸ ਤਾਪਘਰ ਦੀ ਉਸਾਰੀ ਹੋ ਰਹੀ ਸੀ ਤਾਂ ਉਸ ਵੇਲੇ 263 ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਲਈ 50 ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ ਚਰਚਾ ਵਿੱਚ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਵਿੱਚ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੈ ਅਤੇ ਚੀਨੀ ਅਧਿਕਾਰੀਆਂ ਨੂੰ ਇਸ ਤਾਪਘਰ ਲਈ ਵੀਜ਼ਾ ਦਿੱਤਾ ਗਿਆ ਸੀ। ਇਸ ਤਾਪਘਰ ਦੀ ਉਸਾਰੀ ਦਾ ਕੰਮ ਇੱਕ ਚੀਨ ਦੀ ਕੰਪਨੀ ਨੂੰ ਦਿੱਤਾ ਗਿਆ ਸੀ।
ਵੇਰਵਿਆਂ ਮੁਤਾਬਕ 1980 ਮੈਗਾਵਾਟ ਦੇ ਇਸ ਤਾਪਘਰ ਦਾ ਕਾਰਜ ਜਦੋਂ ਚੀਨ ਦੀ ਕੰਪਨੀ ਕੋਲ ਚਲਾ ਗਿਆ ਤਾਂ ਉਸ ਵੇਲੇ ਇਸ ਦੀ ਉਸਾਰੀ ’ਚ ਦੇਰੀ ਹੋਣ ਲੱਗੀ ਜਿਸ ਦੌਰਾਨ ਕੰਮ ਵਿੱਚ ਤੇਜ਼ੀ ਲਿਆਉਣ ਲਈ ਮਾਨਸਾ ਵਿੱਚ ਇੱਕ ਵਿਅਕਤੀ ਵੱਲੋਂ ਚੁੱਪ-ਚਪੀਤੇ ਕੰਪਨੀ ਦਾ ਇੱਕ ਦਫ਼ਤਰ ਖੋਲ੍ਹਿਆ ਗਿਆ ਦੱਸਿਆ ਜਾਂਦਾ ਹੈ, ਜਿਸ ਦੇ ਚੇਨੱਈ ਸਮੇਤ ਕਈ ਹੋਰ ਸ਼ਹਿਰਾਂ ਦੇ ਵਪਾਰੀ ਵਰਗ ਨਾਲ ਸਬੰਧ ਸਨ। ਇਹ ਵੀ ਪਤਾ ਲੱਗਾ ਹੈ ਕਿ ਚੀਨੀ ਵਿਅਕਤੀਆਂ ਨੂੰ ਵੀਜ਼ੇ ਦਾ ਇੰਤਜ਼ਾਮ ਜਿਹੜੇ ਚੇਨੱਈ ਦੇ ਇੱਕ ਵਿਅਕਤੀ ਨੇ ਆਪਣੇ ਕੁਝ ਸਾਥੀਆਂ ਦੀ ਮਦਦ ਨਾਲ ਕੀਤਾ ਸੀ, ਉਸਦਾ ਸਬੰਧ ਮਾਨਸਾ ਵਿੱਚ ਕੰਪਨੀ ਚਲਾ ਰਹੇ ਵਿਅਕਤੀ ਨਾਲ ਸੀ। ਦੱਸਿਆ ਜਾਂਦਾ ਹੈ ਕਿ ਇਸ ਸਬੰਧੀ ਰਿਸ਼ਵਤ ਮਾਨਸਾ ਦੀ ਪ੍ਰਾਈਵੇਟ ਕੰਪਨੀ ਨੇ ਮੁੰਬਈ ਦੀ ਇੱਕ ਕੰਪਨੀ ਦੇ ਫ਼ਰਜ਼ੀ ਬਿੱਲਾਂ ਜ਼ਰੀਏ ਚੇਨੱਈ ਭੇਜੀ। ਇਸ ਕੰਪਨੀ ਦਾ ਮਾਲਕ ਵਿਕਾਸ ਮੁਖਰੀਆ ਦੱਸਿਆ ਜਾਂਦਾ ਹੈ, ਜਿਸ ਦਾ ਸਬੰਧ ਤਲਵੰਡੀ ਸਾਬੋ ਪਾਵਰ ਲਿਮਟਿਡ ਨਾਲ ਜੁੜਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਸੀਬੀਆਈ ਅਧਿਕਾਰੀ ਦੇਰ ਸ਼ਾਮ ਤੱਕ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਕੈਂਪਸ ਵਿੱਚ ਲਗਾਤਾਰ ਫਰੋਲਾ-ਫਰਾਲੀ ਕਰਦੇ ਰਹੇ। ਜ਼ਿਕਰਯੋਗ ਹੈ ਕਿ ਇਸ ਤਾਪਘਰ ਦਾ ਉਦਘਾਟਨ ਅਕਾਲੀ ਸਰਕਾਰ ਵੇਲੇ ਹੋਇਆ ਸੀ ਜਦਕਿ ਇੱਥੇ ਉਤਪਾਦਨ ਵੀ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਹੋਇਆ ਸੀ।