ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਅਪਰੈਲ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ 2021-22 ਸੈਸ਼ਨ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਤੇ ਵਿਦਿਆਰਥੀਆਂ ਦੇ ਮੁਲਾਂਕਣ ਦਾ ਤਰੀਕਾ ਬਦਲ ਦਿੱਤਾ ਹੈ। ਇਨ੍ਹਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ ਰੱਟੇ ਮਾਰਨ ਦੀ ਥਾਂ ਕੰਪੀਟੈਂਸੀ ਬੇਸਡ ਸਵਾਲ ਪੁੱਛੇ ਜਾਣਗੇ। ਬੋਰਡ ਦੇ ਡਾਇਰੈਕਟਰ ਅਕਾਦਮਿਕ ਡਾ. ਜੋਸਫ ਇਮੈਨੁਅਲ ਨੇ ਅੱਜ ਮੁਲਾਂਕਣ ਦੇ ਨਵੇਂ ਤਰੀਕੇ ਬਾਰੇ ਜਾਣਕਾਰੀ ਦਿੱਤੀ। ਮੁਹਾਲੀ ਦੇ ਖੇਤਰੀ ਅਧਿਕਾਰੀ ਸ਼ਿਆਮ ਕਪੂਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਰੀਅਲ ਟਾਈਮ ਕੰਸੈਪਟ ਸਬੰਧੀ ਸਵਾਲ ਪੁੱਛੇ ਜਾਣਗੇ ਤਾਂ ਕਿ ਉਹ ਅਸਲੀ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਯੋਗ ਹੋ ਸਕਣ। ਉਨ੍ਹਾਂ ਦੱਸਿਆ ਕਿ ਨੌਵੀਂ ਤੇ ਦਸਵੀਂ ਜਮਾਤ ਲਈ ਪਹਿਲਾਂ 20 ਨੰਬਰਾਂ ਦੇ ਮਲਟੀਪਲ ਸਵਾਲਾਂ ਦੇ ਅਬਜੈਕਟਿਵ ਟਾਈਪ ਸਵਾਲ ਹੁੰਦੇ ਸਨ ਪਰ ਹੁਣ ਕੰਪੀਟੈਂਸੀ ਬੇਸਡ ਸਵਾਲ 30 ਨੰਬਰਾਂ ਦੇ ਆਉਣਗੇ, ਜਿਸ ਵਿੱਚ ਕਈ ਸਵਾਲਾਂ ਦੀ ਚੋਣ ਵਾਲੇ ਸਵਾਲ, ਕੇਸ ਬੇਸਡ ਸਵਾਲ ਤੇ ਸੋਰਸ ਬੇਸਡ ਇੰਟੇਗਰੇਟਿਡ ਸਵਾਲ ਹੋਣਗੇ। ਪਹਿਲਾਂ ਕੇਸ ਬੇਸਡ ਇੰਟੇਗਰੇਟਿਡ ਸਵਾਲ 20 ਨੰਬਰਾਂ ਦੇ ਆਉਂਦੇ ਸਨ ਪਰ ਹੁਣ ਇਸ ਦੀ ਥਾਂ 20 ਨੰਬਰਾਂ ਦੇ ਆਬਜੈਕਟਿਵ ਸਵਾਲ ਆਉਣਗੇ। ਪਹਿਲਾਂ ਛੋਟੇ ਤੇ ਵੱਡੇ ਸਵਾਲ 60 ਨੰਬਰਾਂ ਦੇ ਹੁੰਦੇ ਸਨ, ਜਿਨ੍ਹਾਂ ਦੇ ਅੰਕ ਹੁਣ 50 ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ 11ਵੀਂ ਤੇ 12ਵੀਂ ਜਮਾਤਾਂ ਲਈ ਕਈ ਸਵਾਲਾਂ ਦੀ ਚੋਣ ਦੇ ਅਬਜੈਕਟਿਵ ਸਵਾਲ 20 ਨੰਬਰ ਦੇ ਹੀ ਰੱਖੇ ਗਏ ਹਨ। ਪਹਿਲਾਂ ਕੇਸ ਬੇਸਡ ਇੰਟੇਗਰੇਟਿਡ ਸਵਾਲ 10 ਨੰਬਰਾਂ ਦੇ ਸਨ, ਜੋ 20 ਨੰਬਰਾਂ ਦੇ ਕਰ ਦਿੱਤੇ ਗਏ ਹਨ, ਜਿਸ ਵਿੱਚ ਕਈ ਸਵਾਲਾਂ ਦੀ ਚੋਣ ਵਾਲੇ ਕੇਸ ਬੇਸਡ ਸਵਾਲ ਹੋਣਗੇ।