ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਜੂਨ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੀਆਂ ਬੋਰਡ ਦੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ ਸਮਾਪਤ ਹੋ ਗਈਆਂ ਹਨ। ਹੁਣ ਇਹ ਪਤਾ ਲੱਗਾ ਹੈ ਕਿ ਦਸਵੀਂ ਜਮਾਤ ਦਾ ਨਤੀਜਾ 15 ਜੁਲਾਈ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਜੁਲਾਈ ਦੇ ਅਖੀਰ ਵਿੱਚ ਐਲਾਨਿਆ ਜਾਵੇਗਾ। ਜਾਣਕਾਰੀ ਅਨੁਸਾਰ ਦੇਸ਼ ਦੇ 35 ਲੱਖ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਦਿੱਤੀਆਂ ਹਨ।
ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 24 ਮਈ ਨੂੰ ਸਮਾਪਤ ਹੋਈਆਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਜੂਨ ਨੂੰ ਸਮਾਪਤ ਹੋਈਆਂ ਹਨ। ਇਸ ਤੋਂ ਪਹਿਲਾਂ ਬੋਰਡ ਨੇ ਕਿਹਾ ਸੀ ਕਿ ਪ੍ਰੀਖਿਆਵਾਂ ਸਮਾਪਤ ਹੋਣ ਦੇ ਵੀਹ ਦਿਨਾਂ ਅੰਦਰ-ਅੰਦਰ ਨਤੀਜੇ ਐਲਾਨ ਦਿੱਤੇ ਜਾਣਗੇ ਪਰ ਹਾਲੇ ਤੱਕ ਸੀਬੀਐੱਸਈ ਨੇ ਨਤੀਜੇ ਜਾਰੀ ਹੋਣ ਬਾਰੇ ਜਾਣਕਾਰੀ ਅਧਿਕਾਰਤ ਤੌਰ ’ਤੇ ਸਾਂਝੀ ਨਹੀਂ ਕੀਤੀ। ਦੂਜੇ ਪਾਸੇ ਬੋਰਡ ਨੇ ਹਾਲੇ ਤਕ ਟਰਮ-1 ਤੇ ਟਰਮ-2 ਦੇ ਅੰਕ ਦੇਣ ਬਾਰੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਸਿੱਖਿਆ ਮਾਹਿਰ ਕਿਆਸਰਾਈਆਂ ਲਾ ਰਹੇ ਹਨ ਕਿ ਦੋਵਾਂ ਟਰਮ ਦੇ 50-50 ਫੀਸਦੀ ਅੰਕ ਦਿੱਤੇ ਜਾਣਗੇ ਜਾਂ ਪਹਿਲੀ ਟਰਮ ਦੇ 30 ਫੀਸਦੀ ਤੇ ਦੂਜੀ ਟਰਮ ਦੇ 70 ਫੀਸਦੀ ਅੰਕ ਦਿੱਤੇ ਜਾਣਗੇ। ਉਧਰ, ਵਿਦਿਆਰਥੀਆਂ ਨੇ ਮੰਗ ਕੀਤੀ ਕਿ ਬੋਰਡ ਟਰਮ-1 ਤੇ ਟਰਮ-2 ਦੇ ਅੰਕਾਂ ਬਾਰੇ ਜਲਦੀ ਸਪਸ਼ਟ ਕਰੇ।
ਉੱਤਰ ਪੱਤਰੀਆਂ ਚੈੱਕ ਕਰਨ ਦਾ ਅਮਲ 20 ਜੂਨ ਤਕ ਮੁਕੰਮਲ ਕਰਨ ਦੀ ਹਦਾਇਤ
ਸੀਬੀਐੱਸਈ ਮੁਹਾਲੀ ਦਫਤਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦਸਵੀਂ ਜਮਾਤ ਦੀਆਂ ਉਤਰ ਪੱਤਰੀਆਂ ਚੈੱਕ ਕਰਨ ਦਾ ਕੰਮ 20 ਜੂਨ ਤੱਕ ਮੁਕੰਮਲ ਹੋ ਜਾਵੇਗਾ। ਇਸ ਸਬੰਧੀ ਉਤਰ ਪੱਤਰੀਆਂ ਚੈੱਕ ਕਰਨ ਵਾਲੇ ਅਮਲੇ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਉਹ ਮੁਲਾਂਕਣ ਪ੍ਰਕਿਰਿਆ ਇਕ ਹਫਤੇ ਵਿਚ ਮੁਕੰਮਲ ਕਰਨ। ਉਨ੍ਹਾਂ ਦੱਸਿਆ ਕਿ ਬੋਰਡ ਵਲੋਂ ਟਰਮ-1 ਤੇ ਟਰਮ-2 ਦੇ ਅੰਕ ਬਰਾਬਰ ਬਰਾਬਰ ਦਿੱਤੇ ਜਾਣਗੇ ਜਿਸ ਲਈ ਨਵੀਂ ਦਿੱਲੀ ਬੋਰਡ ਵਲੋਂ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।