ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਦਸੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਲਈ ਗਈ 12ਵੀਂ ਜਮਾਤ ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਵਿੱਚ ਬਹੁ-ਵਿਕਲਪੀ ਪ੍ਰਸ਼ਨਾਂ ਦੇ ਇਕੋ-ਜਿਹੇ ਉੱਤਰ ਹੋਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਵਿਦਿਆਰਥੀਆਂ ਨੇ ਟਵਿੱਟਰ ’ਤੇ ਮੁਹਿੰਮ ਚਲਾ ਕੇ ਇਨ੍ਹਾਂ ਪ੍ਰਸ਼ਨ ਪੱਤਰਾਂ ਦੇ ਬਣਦੇ ਅੰਕ ਦੇਣ ਜਾਂ ਦੁਬਾਰਾ ਪ੍ਰੀਖਿਆ ਲੈਣ ਦੀ ਮੰਗ ਕੀਤੀ ਹੈ। ਪੰਜਾਬ ਤੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਕਰੋਨਾ ਕਾਲ ਵਿੱਚ ਇਸ ਤਰ੍ਹਾਂ ਦਾ ਉਲਝਣ ਭਰਿਆ ਪੇਪਰ ਪਾਉਣਾ ਵਿਦਿਆਰਥੀਆਂ ਨਾਲ਼ ਧੋਖਾ ਹੈ ਤੇ ਸੀਬੀਐੱਸਈ ਨੂੰ ਅਜਿਹੀਆਂ ਗ਼ਲਤੀਆਂ ਤੋਂ ਬਚਣਾ ਚਾਹੀਦਾ ਹੈ।
ਇਹ ਪਤਾ ਲੱਗਾ ਹੈ ਕਿ ਸੈਕਸ਼ਨ-ਏ ਭਾਗ ਪਹਿਲਾ ਦੇ ਪ੍ਰਸ਼ਨ 1 ਤੇ 7 ਵਿੱਚ ‘ਏ ਤੇ ਸੀ’ ਵਿਕਲਪਾਂ ਦਾ ਅਰਥ ਇੱਕੋ ਨਿਕਲਦਾ ਹੈ। ਜੇਕਰ ਸੈਕਸ਼ਨ-ਬੀ ਭਾਗ ਤੀਜਾ ਦੇ ਪ੍ਰਸ਼ਨ 20 ਵਿੱਚ ਦਿੱਤੇ ਪੈਰੇ ਨੂੰ ਸਮਝਿਆ ਜਾਵੇ ਤਾਂ ਚਾਰੋ ਵਿਕਲਪ ਆਪੋ-ਆਪਣੀ ਸਮਝ ਅਨੁਸਾਰ ਸਹੀ ਮੰਨੇ ਜਾ ਸਕਦੇ ਹਨ। ਸੈਕਸ਼ਨ-ਬੀ ਭਾਗ-4 ਵਿੱਚ ਦਿੱਤੀਆਂ ਗਈਆਂ ਸਤਰਾਂ ਦੇ ਆਧਾਰ ’ਤੇ ਪੁੱਛੇ ਗਏ ਛੇ ਪ੍ਰਸ਼ਨਾਂ ਵਿੱਚੋਂ 3 ਵਿੱਚ ਬਹੁਤ ਉਲਝਣ ਹੈ। ਇਸੇ ਭਾਗ ਦੇ ਪ੍ਰਸ਼ਨ-25 ਤੇ 28 ਦੇ ਚਾਰੋ ਵਿਕਲਪ ਆਪੋ-ਆਪਣੀ ਸਮਝ ਮੁਤਾਬਕ ਸਹੀ ਮੰਨੇ ਜਾ ਸਕਦੇ ਹਨ। ਪ੍ਰਸ਼ਨ-29 ਵਿੱਚ ਇੱਕ ਤੋਂ ਜ਼ਿਆਦਾ ਵਿਕਲਪ ਸਹੀ ਹਨ। ਇਸੇ ਤਰ੍ਹਾਂ ਹੀ ਪ੍ਰਸ਼ਨ ਨੰਬਰ 30 ਵਿੱਚ ਹੈ। ਅਧਿਆਪਕਾਂ ਨੇ ਕਿਹਾ ਕਿ ਇੱਕ ਤਾਂ ਕਰੋਨਾ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਸਹੀ ਤਰ੍ਹਾਂ ਨਹੀਂ ਹੋ ਸਕੀ, ਦੂਜਾ ਬੋਰਡ ਵੱਲੋਂ ਇਸ ਤਰ੍ਹਾਂ ਦਾ ਪੇਪਰ ਭੇਜਣਾ ਗ਼ਲਤ ਹੈ। ਚੰਡੀਗੜ੍ਹ ਦੇ ਸੈਕਟਰ 37ਬੀ ਦੇ ਸਰਕਾਰੀ ਸਕੂਲ ਤੇ ਭਵਨ ਵਿਦਿਆਲਿਆ ਸੈਕਟਰ-27, ਹੁਸ਼ਿਆਰਪੁਰ ਦੇ ਗੁਰੂ ਨਾਨਕ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਮੰਗ ਹੈ ਕਿ ਅੰਗਰੇਜ਼ੀ ਦੇ ਇਸ ਪੇਪਰ ਦੀ 12ਵੀਂ ਜਮਾਤ ਨੂੰ ਪੜ੍ਹਾਉਣ ਵਾਲ਼ੇ ਅਧਿਆਪਕਾਂ ਤੋਂ ਪੜਚੋਲ ਕਾਰਵਾਈ ਜਾਵੇ ਜਾਂ ਪੇਪਰ ਦੁਬਾਰਾ ਲਿਆ ਜਾਵੇ ਜਾਂ ਇੱਕ ਤੋਂ ਵੱਧ ਉੱਤਰਾਂ ਵਾਲ਼ੇ ਉਲਝਣ ਵਾਲ਼ੇ ਪ੍ਰਸ਼ਨਾਂ ਦੇ ਵਿਦਿਆਰਥੀਆਂ ਨੂੰ ਬਣਦੇ ਅੰਕ ਦਿੱਤੇ ਜਾਣ।
ਪ੍ਰਾਈਵੇਟ ਵਿਦਿਆਰਥੀ 20 ਦਸੰਬਰ ਤਕ ਲੈ ਸਕਦੇ ਹਨ ਦਾਖਲਾ
ਸੀਬੀਐਸਈ ਵੱਲੋਂ 12ਵੀਂ ਜਮਾਤ ਦੇ ਪ੍ਰਾਈਵੇਟ ਵਿਦਿਆਰਥੀਆਂ ਦੀ ਪ੍ਰੀਖਿਆ ਅਗਲੇ ਸਾਲ ਮਾਰਚ-ਅਪਰੈਲ ਵਿਚ ਕਰਵਾਈ ਜਾਵੇਗੀ। ਇਹ ਪ੍ਰੀਖਿਆ ਸਿਰਫ ਟਰਮ-2 ਦੇ ਸਿਲੇਬਸ ’ਤੇ ਅਧਾਰਿਤ ਹੋਵੇਗੀ ਜਿਸ ਲਈ ਵਿਦਿਆਰਥੀ 20 ਦਸੰਬਰ ਤਕ ਅਪਲਾਈ ਕਰ ਸਕਦੇ ਹਨ। ਇਹ ਪ੍ਰੀਖਿਆ ਉਹ ਵਿਦਿਆਰਥੀ ਦੇ ਸਕਦੇ ਹਨ ਜਿਹੜੇ ਵਿਦਿਆਰਥੀਆਂ ਦਾ ਇਸ ਸਾਲ ਨਤੀਜਾ ਇਸੈਂਸ਼ਅਲ ਰਿਪੀਟ ਐਲਾਨਿਆ ਗਿਆ ਸੀ ਜਾਂ ਜਿਨ੍ਹਾਂ ਦਾ ਨਤੀਜਾ ਸਾਲ 2016 ਤੋਂ 2020 ਦਰਮਿਆਨ ਫੇਲ੍ਹ ਐਲਾਨਿਆ ਗਿਆ ਸੀ ਜਾਂ ਜਿਨ੍ਹਾਂ ਵਿਦਿਆਰਥੀਆਂ ਨੂੰ ਪਿਛਲੇ ਸਾਲ ਰੋਲ ਨੰਬਰ ਜਾਰੀ ਹੋਇਆ ਸੀ ਪਰ ਉਹ ਮੈਡੀਕਲ ਕਾਰਨਾਂ ਕਰਕੇੇ ਪ੍ਰੀਖਿਆ ਨਹੀਂ ਦੇ ਸਕੇ ਜਾਂ ਜਿਹੜੇ ਆਪਣੇ ਨਤੀਜੇ ਵਿਚ ਸੁਧਾਰ ਲਿਆਉਣਾ ਚਾਹੁੰਦੇ ਹਨ, ਉਹ ਆਨਲਾਈਨ ਫੀਸ ਭਰ ਕੇ ਆਨਲਾਈਨ ਹੀ ਦਰਖਾਸਤ ਕਰ ਸਕਦੇ ਹਨ।