ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 31 ਅਕਤੂਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਲਏ ਜਾਂਦੇ ਕੇਂਦਰੀ ਅਧਿਆਪਕ ਯੋਗਤਾ ਟੈਸਟ (ਸੀਟੈੱਟ) ਦੀ ਰਜਿਸਟਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਪ੍ਰੀਖਿਆ ਲਈ ਬਿਨੈ ਕਰਨ ਦੀ ਆਖਰੀ ਤਰੀਕ 24 ਨਵੰਬਰ ਹੈ ਅਤੇ 25 ਨਵੰਬਰ ਤੱਕ ਫੀਸ ਭਰੀ ਜਾ ਸਕਦੀ ਹੈ। ਬੋਰਡ ਵੱਲੋਂ ਸੀਟੈੱਟ ਦੀਆਂ ਪ੍ਰੀਖਿਆਵਾਂ ਦਸੰਬਰ ਤੋਂ ਜਨਵਰੀ ਵਿਚਾਲੇ ਕਰਵਾਈਆਂ ਜਾਣਗੀਆਂ। ਆਨਲਾਈ ਹੋਣ ਵਾਲੀ ਇਹ ਪ੍ਰੀਖਿਆ ਦੇਸ਼ ਭਰ ਵਿੱਚ 20 ਭਾਸ਼ਾਵਾਂ ’ਚ ਕਰਵਾਈ ਜਾਵੇਗੀ। ਪ੍ਰੀਖਿਆ ਦੇਣ ਵਾਲੇ ਉਮੀਦਵਾਰ ਸੀਬੀਐੱਸਈ ਦੀ ਵੈੱਬਸਾਈਟ ਸੀਟੈੱਟ ਡਾਟ ਨਿਕ ਡਾਟ ਇਨ (ctet.nic.in) ’ਤੇ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਮਿਲੀ ਜਾਣਕਾਰੀ ਅਨੁਸਾਰ ਸੀਬੀਐੱਸਈ ਵੱਲੋਂ ਹਰ ਸਾਲ ਸਕੂਲ ਅਧਿਆਪਕਾਂ ਦੀ ਯੋਗਤਾ ਪ੍ਰੀਖਿਆ ਸੀਟੈੱਟ ਆਫਲਾਈਨ ਕਰਵਾਈ ਜਾਂਦੀ ਹੈ, ਪਰ ਕਰੋਨਾ ਮਹਾਮਾਰੀ ਕਾਰਨ ਕੁਝ ਸਮੇਂ ਇਹ ਪ੍ਰੀਖਿਆ ਨਹੀਂ ਕਰਵਾਈ ਗਈ। ਹੁਣ ਇਹ ਪ੍ਰੀਖਿਆ ਆਨਲਾਈਨ ਕਰਵਾਈ ਜਾਵੇਗੀ। ਇਹ ਵੀ ਪਤਾ ਲੱਗਾ ਹੈ ਕਿ ਬੋਰਡ ਨੇ ਸੀਟੈੱਟ ਦਾ ਸਿਲੇਬਸ ਤੇ ਪੈਟਰਨ ਵੀ ਬਦਲ ਦਿੱਤਾ ਹੈ, ਇਸ ਲਈ ਉਮੀਦਵਾਰਾਂ ਨੂੰ ਇਕ ਪੇਪਰ ਲਈ ਇਕ ਹਜ਼ਾਰ ਰੁਪਏ ਜਦਕਿ ਦੋ ਪੇਪਰ ਦੇਣ ਵਾਲਿਆਂ ਨੂੰ 1200 ਰੁਪਏ ਫੀਸ ਭਰਨੀ ਪਵੇਗੀ ਜਦਕਿ ਐੱਸਸੀ/ਐੱਸਟੀ ਵਰਗ ਦੇ ਉਮੀਦਵਾਰਾਂ ਨੂੰ ਇਕ ਪੇਪਰ ਦੇ 500 ਜਦਕਿ ਦੋ ਪੇਪਰਾਂ ਦੇ 600 ਰੁਪਏ ਦੇਣੇ ਪੈਣਗੇ।
10ਵੀਂ ਤੇ 12ਵੀਂ ਦੀ ਡੇਟਸ਼ੀਟ ਨਵੰਬਰ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਜਾਰੀ
ਸੀਬੀਐੱਸਈ ਨੇ ਸਾਰੇ ਸਕੂਲਾਂ ਤੋਂ ਅਗਲੇ ਸਾਲ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਸੂਚੀ ਹਾਸਲ ਕਰ ਲਈ ਹੈ। ਸੀਬੀਐੱਸਈ ਦੇ ਅਧਿਕਾਰੀ ਨੇ ਦੱਸਿਆ ਕਿ ਬੋਰਡ ਪ੍ਰੀਖਿਆਵਾਂ ਅਗਲੇ ਸਾਲ ਫਰਵਰੀ ਮਹੀਨੇ ਵਿੱਚ ਕਰਵਾਈਆਂ ਜਾਣਗੀਆਂ, ਜਿਸ ਦੀ ਡੇਟਸ਼ੀਟ ਨਵੰਬਰ ਦੇ ਪਹਿਲੇ ਹਫ਼ਤੇ ਕਿਸੇ ਵੀ ਦਿਨ ਜਾਰੀ ਹੋ ਸਕਦੀ ਹੈ।